ਸੁਨਾਮ: ਪੀਰ ਬੰਨਾ ਬਨੋਈ ਰੋਡ ਸਥਿਤ 2 ਇਲਾਕਿਆਂ ਦੇ ਲੋਕ ਪਾਣੀ ਦੀ ਨਿਕਾਸੀ ਨੂੰ ਰੋਕਣ ਲਈ ਬਣਾਈ ਉੱਚੀ ਪੁਲੀ ਨੂੰ ਲੈ ਕੇ ਦੋਵਾਂ ਧਿਰਾਂ ਨੇ ਧਰਨਾ ਲਗਾ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਇੱਕ ਧਿਰ ਦਾ ਕਹਿਣਾ ਹੈ ਕਿ ਕੇ ਦੂਜੇ ਕਲੋਨੀ ਦੇ ਨਿਵਾਸੀਆਂ ਨੇ ਆਪਣੀ ਮਰਜ਼ੀ ਦੇ ਨਾਲ ਪੁਲੀ ਉੱਚੀ ਕਰ ਕੇ ਉਸਾਰੀ ਹੈ, ਜਿਸ ਕਾਰਨ ਇਲਾਕੇ ਦਾ ਪਾਣੀ ਅਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ ਅਤੇ ਉਨ੍ਹਾਂ ਦੇ ਇਲਾਕੇ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਸ ਨੂੰ ਲੈ ਕੇ 2 ਕਲੋਨੀਆਂ ਆਹਮੋ-ਸਾਹਮਣੇ ਹੋ ਗਈਆਂ।
ਪੁਲੀ ਬਣਾਉਣ ਵਾਲੀ ਧਿਰ ਦੀ ਯੋਗਿਤਾ ਨੇ ਦੱਸਿਆ ਉਨ੍ਹਾਂ ਦੀ ਕਲੋਨੀ ਪਿਛਲੇ ਲੰਬੇ ਸਮੇਂ ਤੋਂ ਨਾਲੀਆਂ ਦੇ ਪਾਣੀ ਦੀ ਨਿਕਾਸੀ ਦੀ ਮੁਸ਼ਕਿਲਾਂ ਨਾਲ ਜੂਝ ਰਹੀ ਸੀ ਅਤੇ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿਣ ਉੱਤੇ ਵੀ ਕੋਈ ਹੱਲ ਨਹੀਂ ਹੋਇਆ। ਸਗੋਂ ਇਥੇ ਇੱਕ ਖੱਡੇ ਕਾਰਨ ਉਨ੍ਹਾਂ ਦੀ ਕਲੋਨੀ ਦੀਆਂ 2 ਔਰਤਾਂ ਨੂੰ ਸੱਟਾਂ ਵੀ ਆਈਆਂ ਹਨ। ਇਸੇ ਕਰਕੇ ਉਨ੍ਹਾਂ ਨੇ ਸੀਵਰੇਜ ਅਤੇ ਗੰਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਕਰਨ ਨੂੰ ਲੈ ਕੇ ਇਹ ਪੁਲੀ ਉੱਚੀ ਕਰ ਕੇ ਬਣਵਾਈ ਹੈ। ਯੋਗਿਤਾ ਨੇ ਦੱਸਿਆ ਕਿ ਦੂਜੀ ਕਲੋਨੀ ਵਾਲੇ ਇਸ ਪੁਲੀ ਨੂੰ ਢਾਹੁਣਾ ਚਾਹੁੰਦੇ ਹਨ, ਜੋ ਕਿ ਅਸੀਂ ਆਪਣੇ ਪੈਸਿਆਂ ਨਾਲ ਬਣਵਾਈ ਹੈ ਅਤੇ ਅਸੀਂ ਅਜਿਹਾ ਕਦੇ ਵੀ ਨਹੀਂ ਹੋਣ ਦਿਆਂਗੇ।
ਉੱਥੇ ਹੀ ਧਰਨੇ ਉੱਤੇ ਬੈਠੇ ਦੂਜੀ ਕਲੋਨੀ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਇਸ ਪੁਲੀ ਨੂੰ ਢਾਹੁਣਾ ਚਾਹੁੰਦੇ ਹਨ ਕਿਉਂਕਿ ਇਸ ਨਿਕਾਸੀ ਵਾਲੇ ਪਾਣੀ ਉਨ੍ਹਾਂ ਦੀਆਂ ਗਲੀਆਂ ਵਿੱਚ ਖੜ੍ਹ ਜਾਂਦਾ ਹੈ, ਜਿਸ ਨਾਲ ਨਿਵਾਸੀ ਬਹੁਤ ਪ੍ਰੇਸ਼ਾਨ ਹਨ।
ਜਦੋਂ ਇਸ ਮਾਮਲੇ ਨੂੰ ਲੈ ਕੇ ਸਥਿਤੀ ਤਨਾਅਪੂਰਨ ਹੋ ਗਈ ਤਾਂ ਮੌਕੇ ਉੱਤੇ ਤਹਿਸੀਲਦਾਰ ਅਤੇ ਨਗਰ ਕੌਂਸਲ ਦੇ ਅਧਿਕਾਰੀ ਪਹੁੰਚੇ। ਮੌਕੇ ਉੱਤੇ ਪਹੁੰਚੇ ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਧਿਰਾਂ ਦਾ ਪਾਣੀ ਦੀ ਨਿਕਾਸੀ ਨੂੰ ਲੈ ਕੇ ਬਣੀ ਪੁਲੀ ਦਾ ਇਹ ਮਾਮਲਾ ਹੈ। ਨਿਕਾਸੀ ਸਬੰਧੀ ਦੋਵੇਂ ਧਿਰਾਂ ਦੀ ਸਮੱਸਿਆਂ ਨੂੰ ਹੱਲ ਕਰਨ ਲਈ ਪ੍ਰਸ਼ਾਸਨ ਯਤਨ ਕਰ ਰਿਹਾ ਹੈ।