ਮਲੇਰਕੋਟਲਾ: ਸੱਤਾ ਦੇ ਵਿੱਚ ਆਉਣ 'ਤੇ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਹੋਰ ਰਾਸ਼ਨ ਦੇ ਨਾਲ-ਨਾਲ ਘਿਓ, ਚੀਨੀ ਅਤੇ ਚਾਹ ਪੱਤੀ ਵੀ ਦਿੱਤੀ ਜਾਵੇਗੀ, ਪਰ ਅਫਸੋਸ ਅਜਿਹਾ ਤਾਂ ਨਹੀਂ ਹੋ ਸਕਿਆ ਜੋ ਕਣਕ ਜਾਂ ਹੋਰ ਰਾਸ਼ਨ ਮਿਲਦਾ ਸੀ ਲੋਕਾਂ ਦਾ ਉਹ ਵੀ ਬੰਦ ਕਰ ਦਿੱਤਾ ਗਿਆ। ਨੀਲੇ ਕਾਰਡਾਂ ਵਿੱਚੋਂ ਜ਼ਰੂਰਤਮੰਦ ਲੋਕਾਂ ਦੇ ਨਾਂਅ ਕੱਟ ਦਿੱਤੇ ਗਏ।
ਨੀਲੇ ਰਾਸ਼ਨ ਕਾਰਡਾਂ ਤੋਂ ਆਪਣੇ ਨਾਂਅ ਕੱਟਣ ਤੋਂ ਬਾਅਦ ਅਮਰਗੜ੍ਹ ਇਲਾਕੇ ਦੇ ਲੋਕ ਮਲੇਰਕੋਟਲਾ ਐਸਡੀਐਮ ਦਫ਼ਤਰ ਦੇ ਬਾਹਰ ਇਕੱਠੇ ਹੋਏ ਅਤੇ ਧਰਨਾ ਦਿੱਤਾ ਜਿਨ੍ਹਾਂ ਦਾ ਸਮਰਥਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਿੱਤਾ ਗਿਆ। ਭਾਵੇਂ ਕਿ ਸਰਕਾਰਾਂ ਵੱਲੋਂ ਇਕੱਠ ਕਰਨ 'ਤੇ ਪਾਬੰਦੀ ਲਗਾਈ ਗਈ ਹੈ, ਜਿਸ ਕਰਕੇ ਸਿਨੇਮਾ ਘਰ, ਸ਼ਾਪਿੰਗ ਮਾਲ ਬੰਦ ਕਰਨ ਦੇ ਹੁਕਮ ਹਨ, ਪਰ ਇਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਾਵਜੂਦ ਇਕੱਠੇ ਹੋਣ ਦੀ ਲੋੜ ਪਈ, ਜਿਸ ਕਰਕੇ ਇਨ੍ਹਾਂ ਨੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਉਨ੍ਹਾਂ ਦੇ ਰਾਸ਼ਨ ਕਾਰਡ ਜੋ ਕੱਟ ਦਿੱਤੇ ਗਏ ਹਨ ਉਨ੍ਹਾਂ ਦੇ ਵਿੱਚ ਮੁੜ ਤੋਂ ਨਾਂਅ ਚੜ੍ਹਾਇਆ ਜਾਵੇ।
ਇਸ ਮੌਕੇ ਇਨ੍ਹਾਂ ਲੋਕਾਂ ਦਾ ਸਾਥ ਆਮ ਆਦਮੀ ਪਾਰਟੀ ਦੇ ਸੰਗਰੂਰ ਅਤੇ ਮਲੇਰਕੋਟਲਾ ਦੇ ਹਲਕਾ ਇੰਚਾਰਜਾਂ ਨੇ ਦਿੱਤਾ। ਦੋਹਾਂ ਨੇ ਕਿਹਾ ਕਿ ਜੇਕਰ 15 ਦਿਨਾਂ ਦੇ ਵਿੱਚ ਇਨ੍ਹਾਂ ਜ਼ਰੂਰਤਮੰਦ ਤੇ ਲੋੜਵੰਦ ਲੋਕਾਂ ਦੇ ਨੀਲੇ ਕਾਰਡਾਂ ਦੇ ਵਿੱਚ ਨਾਂਅ ਦਰਜ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰ ਦੇਣਗੇ। ਇਸਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਜੋ ਕਿ ਹੁਣ ਫੇਲ੍ਹ ਹੋ ਗਏ ਹਨ।