ਅੰਮ੍ਰਿਤਸਰ: ਪੁਲਿਸ ਦੇ ਸੀਆਈਏ ਸਟਾਫ ਦੀ ਟੀਮ ਨੇ ਥਾਣਾ ਸਦਰ ਦੀ ਟੀਮ ਨਾਲ ਮਿਲ ਕੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਅਜਨਾਲਾ ਅਤੇ ਰਾਜਾਸਾਂਸੀ ਇਲਾਕਿਆਂ ਵਿੱਚੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ, ਕਰਨਦੀਪ ਸਿੰਘ ਉਰਫ ਕਰਨ ਅਤੇ ਬੂਟਾ ਸਿੰਘ ਵਜੋਂ ਹੋਈ ਹੈ। ਇਸ ਮੌਕੇ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨਿਵਾਸੀ ਅੰਮ੍ਰਿਤਸਰ ਜੋ ਕਿ ਦਿਹਾਤੀ ਏਰੀਆ ਦਾ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮ ਉਸ ਦੇ ਸਪੰਰਕ ਵਿੱਚ ਸਨ ਅਤੇ ਇਨ੍ਹਾਂ ਮੁਲਜ਼ਮਾਂ ਉੱਤੇ ਹੀ ਪੁਲਿਸ ਥਾਣੇ ਉੱਤੇ ਗ੍ਰੇਨੇਡ ਅਟੈਕ ਕਰਨ ਦਾ ਇਲਜ਼ਾਮ ਹੈ। ਗੈਂਗਸਟਰ ਹੈਪੀ ਪਾਸੀਆ ਵਿਦੇਸ਼ 'ਚ ਬੈਠ ਕੇ ਅੱਤਵਾਦੀ ਮਡਿਊਲ ਚਲਾ ਰਿਹਾ ਹੈ।
ਹੈਪੀ ਪਾਸੀਆਂ ਨਾਲ ਕਿਵੇਂ ਹੋਇਆ ਸੰਪਰਕ
ਪੁਲਿਸ ਨੇ ਦੱਸਿਆ ਕਿ, 'ਹੈਪੀ ਪਾਸੀਆ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਆਪਣੇ ਗੈਂਗ 'ਚ ਸ਼ਾਮਿਲ ਕਰਦਾ ਹੈ। ਇਨ੍ਹਾਂ ਮੁਲਜ਼ਮਾਂ ਦਾ ਸਪੰਰਕ ਵੀ ਹੈਪੀ ਨਾਲ ਸੋਸ਼ਲ ਮੀਡੀਆ 'ਤੇ ਹੋਇਆ।ਗੈਂਗਸਟਰ ਨੇ ਉਨ੍ਹਾਂ ਨੂੰ ਤਕਨੀਕੀ ਅਤੇ ਆਟੋਮੈਟਿਕ ਹਥਿਆਰਾਂ ਨਾਲ ਜਾਣੂ ਕਰਵਾਇਆ। ਉਨ੍ਹਾਂ ਦੀ ਆਰਥਿਕ ਮਦਦ ਕੀਤੀ ਅਤੇ ਇਹ ਨੌਜਵਾਨ ਪੈਸੇ ਦੇ ਲਾਲਚ 'ਚ ਉਸ ਨਾਲ ਜੁੜੇ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਲਵਪ੍ਰੀਤ ਸਿੰਘ 'ਤੇ ਪਹਿਲਾਂ ਵੀ ਨਸ਼ੇ ਦਾ ਪਰਚਾ ਦਰਜ ਹੈ। ਬਾਕੀ ਦੋਵਾਂ 'ਤੇ ਕੋਈ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ।'
ਤਿੰਨ ਬਦਮਾਸ਼ਾਂ ਦਾ ਐਨਕਾਊਂਟਰ
ਜ਼ਿਕਰਯੋਗ ਹੈ ਕਿ ਬੀਤੇ ਦਿਨ ਪੁਲਿਸ ਨੇ ਇਨ੍ਹਾਂ ਤਿੰਨਾਂ ਬਦਮਾਸ਼ਾ ਨੂੰ ਕਾਬੂ ਕੀਤਾ ਸੀ। ਗੁਰੂ ਨਗਰੀ ਅੰਮ੍ਰਿਤਸਰ ਵਿੱਚ ਪੁਲਿਸ ਨੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਇੱਕ ਪੁਲਿਸ ਚੌਂਕੀ 'ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਸੀ। ਪੁਲਿਸ ਦੀ ਕਾਰਵਾਈ ਦੌਰਾਨ 2 ਬਦਮਾਸ਼ ਜ਼ਖ਼ਮੀ ਹੋ ਗਏ ਹਨ, ਜੋ ਕਿ ਇਸ ਸਮੇਂ ਹਸਪਤਾਲ ਵਿੱਚ ਜ਼ੇਰ ਏ ਇਲਾਜ਼ ਹਨ। ਜਾਣਕਾਰੀ ਮੁਤਾਬਕ ਫੜ੍ਹੇ ਗਏ ਤਿੰਨੇ ਬਦਮਾਸ਼ ਹੈਪੀ ਪਾਸੀਆ ਗੈਂਗ ਲਈ ਕੰਮ ਕਰ ਰਹੇ ਸਨ ਅਤੇ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਨੂੰ ਪੁਲਿਸ ਚੌਂਕੀ 'ਤੇ ਗ੍ਰਨੇਡ ਹਮਲਾ ਕਰਨ ਦੇ ਇਲਜ਼ਾਮ ਹੇਠ ਕਾਬੂ ਕੀਤਾ ਗਿਆ ਸੀ ਅਤੇ ਬੀਤੀ ਰਾਤ ਜਦੋਂ ਇਨ੍ਹਾਂ ਨੂੰ ਹਥਿਆਰਾਂ ਦੀ ਰਿਕਵਰੀ ਲਈ ਲਿਜਾਇਆ ਗਿਆ ਤਾਂ ਇਨ੍ਹਾਂ ਬਦਮਾਸ਼ਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਕਾਬੂ ਕਰ ਲਿਆ।