ਲੁਧਿਆਣਾ: ਜ਼ਿਲ੍ਹੇ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵੱਲੋਂ ਬੈਠਕ ਕੀਤੀ ਗਈ, ਜਿਸ ਵਿੱਚ ਖੇਤੀ ਨੀਤੀ ਦੇ ਮੁੱਦਿਆਂ ਸਬੰਧੀ ਚਰਚਾ ਕੀਤੀ ਗਈ ਹੈ ਅਤੇ ਕਈ ਵੱਡੇ ਐਲਾਨ ਕੀਤੇ ਗਏ ਹਨ। ਇਸ ਦੌਰਾਨ ਕਿਸਾਨ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਅਤੇ ਅਵਤਾਰ ਸਿੰਘ ਮੇਹਲੋ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ 5 ਮਾਰਚ ਨੂੰ ਸਾਰੀਆਂ ਹੀ ਜਥੇਬੰਦੀਆਂ ਦੇ ਆਗੂ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਪੱਕਾ ਮੋਰਚਾ ਸ਼ੁਰੂ ਕਰ ਦੇਣਗੀਆਂ।
‘5 ਮਾਰਚ ਤੋਂ ਚੰਡੀਗੜ੍ਹ ’ਚ ਲੱਗੇਗਾ ਪੱਕਾ ਮੋਰਚਾ’
ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ, 'ਜੋ ਕੇਂਦਰ ਸਰਕਾਰ ਵੱਲੋਂ ਖੇਤੀ ਨੀਤੀ ਖਰੜਾ ਸਰਕਾਰਾਂ ਨੂੰ ਭੇਜਿਆ ਗਿਆ ਹੈ, ਉਸ ਵਿੱਚ ਪੰਜਾਬ ਸਰਕਾਰ ਨੇ ਵਿਧਾਨ ਸਭਾ ਇਜਲਾਸ ਬੁਲਾ ਇਸ ਦਾ ਵਿਰੋਧ ਕਰਨਾ ਸੀ ਪਰ ਅਜੇ ਤੱਕ ਉਹ ਨਹੀਂ ਕੀਤਾ ਗਿਆ ਹੈ। ਇਸ ਕਰਕੇ ਉਹ ਹੁਣ ਪੰਜਾਬ ਸਰਕਾਰ ਖਿਲਾਫ 5 ਮਾਰਚ ਤੋਂ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾ ਦੇਣਗੇ।'
ਕਿਸਾਨ ਆਗੂਆਂ ਨੇ ਨਹਿਰਾਂ ਨੂੰ ਪੱਕਿਆਂ ਕੀਤੇ ਜਾਣ ਅਤੇ ਅਵਾਰਾ ਪਸ਼ੂਆਂ ਨੂੰ ਲੈ ਕੇ ਵੀ ਸੂਬਾ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਲਾਅਰੇ ਲਾਉਂਦੀਆਂ ਹਨ ਪਰ ਕੀਤੇ ਹੋਏ ਵਾਅਦੇ ਪੂਰੇ ਨਹੀਂ ਕਰਦੀਆਂ ਹਨ। ਸੂਬਾ ਸਰਕਾਰ ਨਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਕਈ ਵਾਰ ਮੀਟਿੰਗ ਹੋ ਚੁੱਕੀ ਹੈ, ਜਿਸ ਵਿੱਚ ਸਾਨੂੰ ਹਰ ਵਾਰ ਭਰੋਸਾ ਦੇ ਕੇ ਹੀ ਤੋਰ ਦਿੱਤਾ ਜਾਂਦਾ ਹੈ ਪਰ ਕੰਮ ਕੋਈ ਵੀ ਨਹੀਂ ਕੀਤਾ ਜਾਂਦਾ। ਕਿਸਾਨਾਂ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਤੋਂ ਜਲਦ ਧਿਆਨ ਨਾ ਦਿੱਤਾ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਵੱਡੇ ਐਲਾਨ ਕਰ ਸਕਦੇ ਹਨ।
‘ਕੇਂਦਰ ਨੇ ਕਿਸਾਨਾਂ ਨੂੰ ਨਹੀਂ ਦਿੱਤੀ ਕੋਈ ਰਾਹਤ’
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਜਨਰਲ ਸਕੱਤਰ ਅਵਤਾਰ ਸਿੰਘ ਮੇਹਲੋ ਨੇ ਕਿਹਾ ਕਿ "ਕੇਂਦਰ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਉਸ ਤੋਂ ਕਿਸਾਨਾਂ ਨੂੰ ਕਾਫੀ ਉਮੀਦਾਂ ਸਨ। ਇਸ ਬਜਟ ਵਿੱਚ ਸਵਾਮੀਨਾਥਨ ਰਿਪੋਰਟ ਤੋਂ ਲੈ ਕੇ ਸੀਟੂ ਉੱਤੇ ਕਰਜ਼ਾ ਮੁਆਫੀ ਵਰਗੀਆਂ ਕਈ ਮੰਗਾਂ ਦੇ ਹੱਲ ਹੋਣ ਦੀ ਉਮੀਦ ਸੀ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇੱਕ ਵਾਰ ਫਿਰ ਨਿਰਾਸ਼ ਹੀ ਕੀਤਾ ਹੈ। ਚਾਹੇ ਵਾਹਘਾ ਸਰਹੱਦ ਦੇ ਨਾਲ ਵਪਾਰਕ ਸਬੰਧਾਂ ਦੀ ਗੱਲ ਹੋਵੇ ਅਤੇ ਚਾਹੇ ਕਰਜ਼ਾ ਮੁਆਫੀ ਦੀ ਗੱਲ ਹੋਵੇ, ਇਸ ਵਾਰ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੋਈ ਵੀ ਰਾਹਤ ਭਰਿਆ ਪੈਕੇਜ ਨਹੀਂ ਦਿੱਤਾ ਹੈ।"