ਮਲੇਰਕੋਟਲਾ: ਪਾਕਿਸਤਾਨ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਹਰ ਪਾਸੇ ਖੁਸ਼ੀ ਨਜ਼ਰ ਆ ਰਹੀ ਹੈ। ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੁਣ ਵਧੀਆ ਨਜ਼ਰ ਨਾਲ ਵੇਖਿਆ ਜਾਣ ਲੱਗਿਆ ਹੈ।
ਸਿੱਖ ਭਾਈਚਾਰੇ ਤੋਂ ਬਾਅਦ ਹੁਣ ਮੁਸਲਿਮ ਭਾਈਚਾਰੇ ਵੱਲੋਂ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੋਂ ਮੰਗ ਕੀਤੀ ਗਈ ਹੈ ਕਿ ਦੋਹਾਂ ਦੇਸ਼ਾਂ ਦੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਆਸਾਨੀ ਨਾਲ ਮਿਲ ਸਕਣ ਇਸ ਕਰਕੇ ਜੋ ਵੀਜ਼ਾ ਪ੍ਰਣਾਲੀ ਔਖੀ ਹੈ ਉਸ ਨੂੰ ਸਰਲ ਬਣਾਇਆ ਜਾਵੇ ਤਾਂ ਜੋ ਘੱਟੋ ਘੱਟ ਸਾਲ ਵਿੱਚ ਇੱਕ ਵਾਰ ਵੀਜ਼ਾ ਜ਼ਰੂਰ ਲੱਗ ਸਕੇ।
ਮਾਲੇਰਕੋਟਲਾ ਤੋਂ ਪਾਕਿਸਤਾਨ ਵਿਆਹੀ ਵੀਹ ਸਾਲ ਪਹਿਲਾਂ ਇੱਥੋਂ ਦੀ ਇੱਕ ਕੁੜੀ ਜੋ ਆਪਣੇ ਮਾਲੇਰਕੋਟਲਾ ਵਿਖੇ ਪੇਕੇ ਘਰ ਵਾਪਸ ਪਰਤੀ ਹੈ ਉਸ ਨੇ ਦੱਸਿਆ ਕਿ ਉਸ ਨੇ ਆਪਣੇ ਤਿੰਨਾਂ ਬੇਟੀਆਂ ਦਾ ਵੀਜ਼ਾ ਅਪਲਾਈ ਕੀਤਾ ਸੀ ਪਰ ਸਿਰਫ ਦੋ ਦਾ ਹੀ ਵੀਜ਼ਾ ਲੱਗ ਸਕਿਆ ਜਿਸ ਕਰਕੇ ਹੁਣ ਤੀਸਰੀ ਬੇਟੀ ਜੋ ਪਾਕਿਸਤਾਨ ਬੈਠੀ ਹੈ ਉਹ ਭਾਰਤ ਵਿੱਚ ਆਈ ਆਪਣੀ ਮਾਂ ਨੂੰ ਵਾਰ-ਵਾਰ ਫੋਨ ਕਰਕੇ ਰੋ ਰਹੀ ਹੈ ਜਿਸ ਤੋਂ ਬਾਅਦ ਹੁਣੇ ਮਾਂ ਵਾਪਸ ਪਾਕਿਸਤਾਨ ਪਰਤ ਰਹੀ ਹੈ।
ਇਸ ਕਰਕੇ ਇਸ ਪਾਕਿਸਤਾਨੀ ਮਹਿਲਾ ਵੱਲੋਂ ਕਿਹਾ ਗਿਆ ਕਿ ਪੇਕੇ ਘਰ ਆਉਣ ਲਈ ਉਨ੍ਹਾਂ ਨੂੰ ਕਾਫੀ ਜ਼ਿਆਦਾ ਜੱਦੋ ਜਹਿਦ ਕਰਨੀ ਪੈਂਦੀ ਹੈ ਅਤੇ ਮੁਸ਼ਕਲਾਂ ਭਰੇ ਸਮੇਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਸੇ ਲਈ ਦੋਹਾਂ ਦੇਸ਼ਾਂ ਵਿਚਾਲੇ ਵੀਜ਼ਾ ਪ੍ਰਣਾਲੀ ਸਰਲ ਕਰ ਦੇਣੀ ਚਾਹੀਦੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ।
ਉੱਧਰ ਭਾਰਤ ਵਿੱਚ ਉਨ੍ਹਾਂ ਦੇ ਪਿਤਾ ਅਤੇ ਭਰਾ ਵੱਲੋਂ ਵੀ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੀ ਇੱਕ ਬੇਟੀ ਦਾ ਵੀਜ਼ਾ ਨਹੀਂ ਲੱਗਿਆ ਜਿਸ ਨੂੰ ਉਹ ਯਾਦ ਕਰਦੇ ਹਨ ਅਤੇ ਸਰਕਾਰਾਂ ਤੋਂ ਇਹ ਮੰਗ ਕਰਦੇ ਹਨ ਕਿ ਜਿਵੇਂ ਸਿੱਖ ਭਾਈਚਾਰੇ ਨੂੰ ਤੋਹਫਾ ਦਿੱਤਾ ਹੈ ਉਸੇ ਤਰ੍ਹਾਂ ਮੁਸਲਿਮ ਭਾਈਚਾਰੇ ਨੂੰ ਵੀ ਤੋਹਫ਼ੇ ਦੇ ਤੌਰ ਉੱਤੇ ਵੀਜ਼ਾ ਪ੍ਰਣਾਲੀ ਆਸਾਨ ਕੀਤੀ ਜਾਵੇ ਤਾਂ ਜੋ ਆਪਣੇ ਰਿਸ਼ਤੇਦਾਰਾਂ ਨੂੰ ਜਲਦੀ ਮਿਲਿਆ ਜਾ ਸਕੇ।