ਸੰਗਰੂਰ: ਬੇਅਦਬੀ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਦੀ ਸ਼ੁੱਕਰਵਾਰ ਨੂੰ ਪੇਸ਼ੀ ਹੋਈ। ਇਸ ਦੌਰਾਨ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ, ਉਹ ਬੇਕਸੁਰ ਹਨ। ਯਾਦਵ ਨੇ ਦੱਸਿਆ ਕਿ ਉਨ੍ਹਾਂ ਵਿਰੁੱਧ ਕੋਈ ਸਬੂਤ ਵੀ ਨਹੀਂ ਹਨ।
ਨਰੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਅਤੇ ਪਹਿਲਾਂ ਦੇਸ਼ ਧ੍ਰੋਹ ਦੇ ਮਾਮਲੇ ਵਿੱਚ ਵੀ ਉਨ੍ਹਾਂ ਨੂੰ ਅਦਾਲਤ ਨੇ ਰਾਹਤ ਦਿੱਤੀ ਸੀ। ਉਨ੍ਹਾਂ ਉਮੀਦ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਉਨ੍ਹਾਂ ਦੇ ਖ਼ਿਲਾਫ਼ ਕੋਈ ਵੀ ਸਬੂਤ ਅਜੇ ਤੱਕ ਜਾਂਚ ਅਧਿਕਾਰੀ ਨਹੀਂ ਰੱਖ ਸਕੇ ਉਸ ਨਾਲ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਅਦਾਲਤ ਤੋਂ ਇਸ ਮਾਮਲੇ ਵਿੱਚ ਵੀ ਰਾਹਤ ਮਿਲੇਗੀ।
ਜ਼ਿਕਰਯੋਗ ਹੈ ਕਿ ਮਲੇਰਕੋਟਲਾ 'ਚ ਧਾਰਮਿਕ ਕੁਰਾਨ ਦੀ ਹੋਈ ਬੇਅਦਬੀ ਮਾਮਲੇ ਵਿੱਚ ਦਿੱਲੀ ਤੋਂ 'ਆਪ' ਵਿਧਾਇਕ ਨਰੇਸ਼ ਯਾਦਵ ਦੀ ਇੱਕ ਵਾਰ ਫਿਰ ਤੋਂ ਪੇਸ਼ੀ ਹੋਈ, ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਨਰੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦਾ ਸਬੂਤ ਸਾਹਮਣੇ ਅਜੇ ਤੱਕ ਨਹੀਂ ਆਇਆ ਹੈ।
ਨਰੇਸ਼ ਯਾਦਵ ਨੂੰ 24 ਜੁਲਾਈ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 25 ਜੁਲਾਈ ਨੂੰ ਮਲੇਰਕੋਟਲਾ ਦੀ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਸੀ। ਨਰੇਸ਼ ਯਾਦਵ ਦਾ ਨਾਮ ਬੇਅਦਬੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਜੇ ਨਾਮਕ ਵਿਅਕਤੀ ਨੇ ਲਿਆ ਸੀ।