ਮਾਲੇਰਕੋਟਲਾ: ਸ਼ਹਿਰ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਵਧਦੀ ਹੀ ਜਾ ਰਹੀ ਹੈ। ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਫ਼ੈਲਾਅ ਨੂੰ ਰੋਕਣ ਦੇ ਤਰ੍ਹਾਂ-ਤਰ੍ਹਾਂ ਦੇ ਕਦਮ ਚੁੱਕੇ ਗਏ ਹਨ।
ਬਕਰੀਦ ਦੇ ਤਿਉਹਾਰ ਨੂੰ ਲੈ ਕੇ ਮਾਲੇਰਕੋਟਲਾ ਦੇ ਵਿੱਚ ਬੱਕਰਿਆਂ ਦੀ ਸਭ ਤੋਂ ਵੱਡੀ ਬੱਕਰਾ ਮੰਡੀ ਲਾਈ ਜਾਂਦੀ ਹੈ। ਇਸ ਦੇ ਚੱਲਦਿਆਂ ਮਲੇਰਕੋਟਲਾ ਦੇ ਐੱਸ.ਪੀ. ਮਨਜੀਤ ਸਿੰਘ ਬਰਾੜ ਮਾਲੇਰਕੋਟਲਾ ਦੀ ਬੱਕਰਾ ਮੰਡੀ ਦੇ ਵਿੱਚ ਪਹੁੰਚੇ, ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਜਾਣੂ ਕਰਵਾਇਆ।
ਐੱਸ.ਪੀ. ਮਨਜੀਤ ਸਿੰਘ ਬਰਾੜ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1 ਅਗਸਤ ਨੂੰ ਪੂਰੇ ਮੁਲਕ ਦੇ ਵਿੱਚ ਬਕਰੀਦ ਦਾ ਤਿਉਹਾਰ ਮਨਾਇਆ ਜਾਵੇਗਾ। ਬਕਰੀਦ ਦੇ ਤਿਉਹਾਰ ਨੂੰ ਲੈ ਕੇ ਪੰਜਾਬ ਦੇ ਮਾਲੇਰਕੋਟਲਾ ਦੇ ਵਿੱਚ ਸਭ ਤੋਂ ਵੱਡੀ ਬੱਕਰਿਆਂ ਦੀ ਮੰਡੀ ਲਾਈ ਜਾਂਦੀ ਹੈ ਅਤੇ ਇੱਥੇ ਦੂਰੋਂ-ਦੂਰੋਂ ਲੋਕੀਂ ਬੱਕਰੇ ਖਰੀਦਣ ਲਈ ਆਉਂਦੇ ਹਨ।
ਬਰਾੜ ਨੇ ਦੱਸਿਆ ਕਿ ਆਸ-ਪਾਸ ਦੇ ਇਲਾਕਿਆਂ ਤੋਂ ਇੱਥੇ ਕਈ ਵਪਾਰੀ ਬੱਕਰਿਆਂ ਨੂੰ ਵੇਚਣ ਦੇ ਲਈ ਆਉਂਦੇ ਹਨ। ਇਹ ਵਪਾਰੀ ਬਹੁਤ ਹੀ ਗ਼ਰੀਬ ਹਨ ਅਤੇ ਸਾਰਾ ਸਾਲ ਬੱਕਰਿਆਂ ਨੂੰ ਪਾਲਦੇ ਹਨ ਅਤੇ ਬਕਰੀਦ ਦੇ ਤਿਉਹਾਰ ਵਾਲੇ ਦਿਨ ਇੱਥੇ ਵੇਚਣ ਦੇ ਲਈ ਆਉਂਦੇ ਹਨ।
ਉਨ੍ਹਾਂ ਨੇ ਇਸ ਮੌਕੇ ਬੱਕਰਾ ਮੰਡੀ ਦਾ ਦੌਰਾ ਕੀਤਾ ਅਤੇ ਬਕਰਾ ਵਪਾਰੀਆਂ ਨੂੰ ਮਾਸਕ ਦੇ ਨਾਲ-ਨਾਲ ਸੈਨੀਟਾਇਜ਼ਰ ਵੀ ਵੰਡੇ ਤਾਂ ਕਿ ਇਹ ਲੋਕ ਕੋਰੋਨਾ ਤੋਂ ਬਚ ਸਕਣ। ਇਸ ਦੇ ਨਾਲ ਹੀ ਐੱਸ.ਪੀ. ਨੇ ਵਪਾਰੀਆਂ ਨੂੰ ਕੋਰੋਨਾ ਮਹਾਂਮਾਰੀ ਦੇ ਬਾਰੇ ਜਾਗਰੂਕ ਕੀਤਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਲਈ ਕਿਹਾ।