ਮਲੇਰਕੋਟਲਾ: ਸ਼ਹਿਰ ਦੇ ਵਿੱਚ ਸੁਨਸਾਨ ਜਗ੍ਹਾ ਤੋਂ ਮ੍ਰਿਤਕ ਗਾਂ ਦੇ ਸਰੀਰਕ ਅੰਗ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਹਿੰਦੂ ਭਾਈਚਾਰੇ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਸਿਰਫ ਹਿੰਦੂ ਭਾਈਚਾਰੇ ਦੇ ਵਿੱਚ ਨਹੀਂ ਬਲਕਿ ਸਾਰੇ ਹੀ ਧਰਮਾਂ ਦੇ ਲੋਕ ਇਸ ਦਾ ਰੋਸ ਪ੍ਰਗਟ ਕਰ ਰਹੇ ਹਨ ਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਕੁੱਝ ਲੋਕਾਂ ਨੂੰ ਸੁਨਸਾਨ ਥਾਂ ਤੋਂ ਮ੍ਰਿਤਕ ਗਾਂ ਦੇ ਅੰਗ ਬਰਾਮਦ ਹੋਏ ਹਨ ਜਿਸ ਵਿੱਚ ਗਾਂ ਦੇ ਪੈਰ 'ਤੇ ਸਿਰ ਸ਼ਾਮਿਲ ਹਨ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਲੋਕਾਂ ਵੱਲੋਂ ਬੇਹੱਦ ਦੁੱਖ ਪ੍ਰਗਟਾਇਆ ਗਿਆ।
ਇਸ ਤੋਂ ਬਾਅਦ ਹਿੰਦੂ ਭਾਈਚਾਰੇ ਵੱਲੋਂ ਸ਼ਰਧਾ ਦੇ ਨਾਲ ਇਸ ਮ੍ਰਿਤਕ ਗਾਂ ਦੇ ਸਰੀਰ ਨੂੰ ਸੰਗਰੂਰ ਮੁੱਖ ਮਾਰਗ 'ਤੇ ਰੱਖ ਕੇ ਜਿੱਥੇ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਕਈ ਘੰਟੇ ਰੋਡ 'ਤੇ ਜਾਮ ਵੀ ਲਗਾਇਆ ਗਿਆ। ਇਸ ਦੇ ਨਾਲ ਹੀ ਲੋਕਾਂ ਨੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ।
ਇਹ ਵੀ ਪੜ੍ਹੋ: ਦਿੱਲੀ: ਮੁੰਡਕਾ ਖੇਤਰ ਵਿੱਚ ਇੱਕ ਗੋਦਾਮ 'ਚ ਲੱਗੀ ਭਿਆਨਕ ਅੱਗ 'ਤੇ ਪਾਇਆ ਕਾਬੂ
ਉਧਰ ਧਰਨਾ ਦੇ ਰਹੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਆਖ਼ਰ ਕਿਉਂ ਸਖ਼ਤ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਹਮੇਸ਼ਾ ਮਾਮਲੇ ਦਰਜ ਕਰ ਦਿੱਤੇ ਜਾਂਦੇ ਹਨ ਪਰ ਦੋਸ਼ੀ ਨੂੰ ਲੱਭ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਰ-ਵਾਰ ਹੋ ਰਹੀਆਂ ਹਨ ਪਰ ਦੋਸ਼ੀ ਗ੍ਰਿਫ਼ਤਾਰ ਨਾ ਹੋਣ ਕਰਕੇ ਉਹ ਹੁਣ ਇਸ ਦਾ ਸਖ਼ਤ ਵਿਰੋਧ ਕਰਦੇ ਹਨ।
ਉਧਰ ਇਸ ਮੌਕੇ ਮਲੇਰਕੋਟਲਾ ਦੇ ਐਸਪੀ ਮਨਜੀਤ ਸਿੰਘ ਬਰਾੜ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਹੀ ਐਸਪੀ ਮਨਜੀਤ ਸਿੰਘ ਬਰਾੜ ਵੱਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਗਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਜਲਦ ਗ੍ਰਿਫ਼ਤਾਰੀ ਕਰ ਲਈ ਜਾਵੇਗੀ।