ਸੰਗਰੂਰ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਸਰਕਾਰਾਂ ਦੇ ਨਾਲ-ਨਾਲ ਕਈ ਹੋਰ ਲੋਕ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸੇ ਦੌਰਾਨ ਲਹਿਰਾਗਾਗਾ ਦੇ ਪਿੰਡ ਮਕੋਰੜ ਸਾਹਿਬ ਵਿਖੇ ਇੱਕ ਬਜ਼ੁਰਗ ਔਰਤ ਦੀ ਮਦਦ ਕਰਨ ਲਈ ਮਹਿਲਾ ਪੁਲਿਸ ਮੁਲਾਜ਼ਮ ਪਹੁੰਚੀ।
ਦੱਸ ਦਈਏ ਕਿ ਈਟੀਵੀ ਭਾਰਤ ਵੱਲੋਂ ਪਹਿਲ ਦੇ ਆਧਾਰ 'ਤੇ ਇਸ ਲੋੜਵੰਦ ਬਜ਼ੁਰਗ ਮਹਿਲਾ ਦੀ ਖ਼ਬਰ ਨਸ਼ਰ ਕੀਤੀ ਗਈ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਮਹਿਲਾ ਪੁਲਿਸ ਮੁਲਾਜ਼ਮ ਬਜ਼ੁਰਗ ਔਰਤ ਦੀ ਮਦਦ ਕਰਨ ਪਹੁੰਚੀ।
ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲਿਸ ਮੁਲਾਜ਼ਮ ਦਰਸ਼ਨ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨੀਂ ਇੰਟਰਨੈਟ 'ਤੇ ਇੱਕ ਵੀਡੀਓ ਦੇਖੀ ਸੀ, ਜਿਸ ਵਿੱਚ ਬਜ਼ੁਰਗ ਮਾਤਾ ਆਪਣੇ ਅਪਾਹਿਜ ਪੁੱਤਰ ਨਾਲ ਰਹਿ ਰਹੇ ਹਨ। ਅਪਾਹਿਜ ਹੋਣ ਕਰਕੇ ਉਨ੍ਹਾਂ ਦਾ ਪੁੱਤਰ ਕਮਾ ਨਹੀਂ ਸਕਦਾ ਜਿਸ ਕਰਕੇ ਮਾਤਾ ਗੁਰਦੁਆਰੇ ਤੋਂ 2 ਵਕਤ ਦੀ ਰੋਟੀ ਲਿਆ ਕੇ ਖਾਂਦੇ ਹਨ। ਦਰਸ਼ਨ ਕੌਰ ਤੇ ਉਨ੍ਹਾਂ ਦੇ ਪਤੀ ਵੱਲੋਂ ਬਜ਼ੁਰਗ ਔਰਤ ਨੂੰ ਰਾਸ਼ਨ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਹ ਤਕਰੀਬਨ ਪਿਛਲੇ 4 ਮਹੀਨਿਆਂ ਤੋਂ ਲੋੜਵੰਦਾ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਵੀ ਕਿਸੇ ਲੋੜਵੰਦ ਬਾਰੇ ਪਤਾ ਲਗਦਾ ਹੈ ਤਾਂ ਉਹ ਉਸ ਦੀ ਮਦਦ ਕਰਦੇ ਹਨ।