ਸੰਗਰੂਰ: ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਟੋਲ ਪਲਾਜ਼ੇ ਵਾਲਿਆਂ 'ਤੇ ਸਖ਼ਤੀ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਅੱਜ ਸੰਗਰੂਰ ਤੋਂ 'ਆਪ' ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਕਾਲਾਝਾੜ ਟੋਲ ਪਲਾਜੇ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਮ.ਐਲ.ਏ. ਨੇ ਕਿਹਾ ਕਿ ਅਸੀਂ ਪਹਿਲਾਂ 5 ਤਾਰੀਕ ਨੂੰ ਇਸ ਟੋਲ ਪਾਲਜ਼ੇ ਦਾ ਦੌਰਾ ਕੀਤਾ ਸੀ ਜਿਸ ਦੌਰਾਨ ਕਾਫ਼ੀ ਖਾਮੀਆਂ ਪਾਈਆਂ ਗਈਆਂ ਸਨ। ਜਿਨ੍ਹਾਂ ਨੂੰ ਦੇਖਦੇ ਹੋਏ ਟੋਲ ਪਲਾਜ਼ਾ ਕੰਪਨੀ ਨੂੰ ਖਾਮੀਆਂ ਨੂੰ ਦੂਰ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ।
ਕੁੱਝ ਘੰਟਿਆਂ ਲਈ ਟੋਲ ਪਲਾਜ਼ਾ ਕੀਤਾ ਫਰੀ: ਵਿਧਾਇਕਾ ਵੱਲੋਂ ਦਿੱਤੇ ਤੈਅ ਸਮੇਂ ਮਗਰੋਂ ਅੱਜ ਵੀ ਟੋਲ ਪਲਾਜ਼ੇ ਦਾ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਫਿਰ ਤੋਂ ਕਈ ਖਾਮੀਆਂ ਪਾਈਆਂ ਗਈਆਂ। ਇਨ੍ਹਾਂ ਖਾਮੀਆਂ ਕਾਰਨ ਐਮ.ਐਲ.ਏ ਨੇ ਮੌਕੇ 'ਤੇ ਐਕਸ਼ਨ ਲੈਂਦੇ ਹੋਏ ਟੋਲ ਪਲਾਜ਼ਾ ਨੂੰ ਸਵੇਰ ਤੋਂ ਲੈ ਕੇ ਸ਼ਾਮ 5 ਵਜੇ ਤੱਕ ਫਰੀ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਲੋਕਾਂ ਤੋਂ ਪੈਸੇ ਤਾਂ ਵਸੂਲੇ ਜਾਂਦੇ ਹਨ ਪਰ ਲੋਕਾਂ ਲਈ ਕੰਮ ਨਹੀਂ ਕੀਤਾ ਜਾਂਦਾ। ਟੋਲ ਕੰਪਨੀਆਂ ਆਪਣੀ ਮਨਮਰਜ਼ੀ ਕਰਦੀਆਂ ਹਨ ਜੋ ਹੁਣ ਹਰਗਿਜ਼ ਬਰਦਾਸ਼ ਨਹੀਂ ਹੋਵੇਗਾ।
ਟੋਲ ਕੰਪਨੀ ਨੂੰ ਮੁੜ ਦਿੱਤਾ ਇੱਕ ਹੋਰ ਮੌਕਾ: ਇਸੇ ਦੌਰਾਨ ਐਮ.ਐਲ.ਏ ਵੱਲੋਂ ਕੰਪਨੀ ਇੱਕ ਹੋਰ ਮੌਕਾ ਦਿੱਤਾ ਗਿਆ ਹੈ ਤਾਂ ਜੋ ਉਹ ਬਾਕੀ ਰਹਿੰਦੀਆਂ ਖਾਮੀਆਂ ਨੂੰ ਦੂਰ ਕਰ ਸਕਣ ਅਤੇ ਲੋਕਾਂ ਨੂੰ ਵਧੀਆ ਸਹੂਲਤਾਵਾਂ ਮਿਲਣ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਅਕਸਰ ਹਿ ਸ਼ਿਕਾਇਤ ਕੀਤੀ ਜਾਂਦੀ ਸੀ ਕਿ ਟੋਲ ਪਲਾਜ਼ਾ ਕੰਪਨੀ ਵੱਲੋਂ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ। ਹਾਈਵੇਅ ਉੱਤੇ ਨਾ ਲਾਈਟਾਂ ਦਾ ਪ੍ਰਬੰਧ ਹੈ ਨਾ ਸੜਕ ਵਧੀਆ ਹੈ। ਇਸ ਲਈ ਇਸ ਟੋਲ ਪਲਾਜ਼ਾ ਦਾ ਨਿਰੀਖਣ ਕੀਤਾ ਗਿਆ ਸੀ ਤਾਂ ਜੋ ਕੰਪਨੀ ਨੂੰ ਸਮਝਾਇਆ ਜਾ ਸਕੇ ਕਿ ਹੁਣ ਉਨ੍ਹਾਂ ਦੀ ਮਰਜ਼ੀ ਨਹੀਂ ਚੱਲਣੀ, ਬਲਕਿ ਲੋਕਾਂ ਲਈ ਕੰਮ ਕਰਨਾ ਹੋਵੇਗਾ।
ਟੋਲ ਪਲਾਜ਼ਾ ਅਧਿਕਾਰੀ ਦਾ ਬਿਆਨ: ਦੂਜੇ ਪਾਸੇ ਇਸ ਮੌਕੇ ਟੋਲ ਪਲਾਜ਼ਾ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸਾਡੇ ਵੱਲੋਂ ਸਾਰਾ ਕੰਮ ਕਰਵਾ ਦਿੱਤਾ ਗਿਆ ਹੈ। ਜਿਹੜਾ ਕੰਮ ਨਹੀਂ ਹੋਇਆ ਉਹ ਵੀ ਜਲਦ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਵਿਧਾਇਕ ਦੀ ਸਾਰੀਆਂ ਸ਼ਰਤਾਂ ਮਨਜ਼ੂਰ ਹਨ। ਇੱਥੇ ਹੀ ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀ ਨੇ ਆਪਣੇ ਨੁਕਸਾਨ ਦਾ ਜ਼ਿਕਰ ਵੀ ਕੀਤਾ। ਹੁਣ ਵੇਖਣਾ ਹੋਵੇਗਾ ਕਿ ਆਖਿਰਕਾਰ ਕਦੋਂ ਬਾਕੀ ਸ਼ਰਤਾਂ ਟੋਲ ਕੰਪਨੀ ਵੱਲੋਂ ਪੂਰੀਆਂ ਕੀਤੀਆਂ ਜਾਂਦੀ ਹਨ ਜਾਂ ਫਿਰ ਇਹ ਟੋਲ ਪਲਾਜ਼ਾ ਵੀ ਬੰਦ ਹੋਵੇਗਾ।
ਇਹ ਵੀ ਪੜ੍ਹੋ: ਕਣਕ ਦੇ ਰੇਟ 'ਚ ਕਟੌਤੀ ਦਾ ਮਾਮਲਾ, ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਜਾਮ