ਸੰਗਰੂਰ: ਸਿਹਤ ਵਿਭਾਗ ਦੀ ਟੀਮ ਵੱਲੋਂ ਨਾਕੇ ਲਗਾ ਕੇ ਕੋਰੋਨਾ ਟੈਸਟਿੰਗ ਲਈ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ। ਇਸੇ ਤਹਿਤ ਐਤਵਾਰ ਨੂੰ ਸੰਗਰੂਰ ਦੇ ਮਾਤਾ ਮੋਦੀ ਸੁਨਾਮ ਚੌਕ ਵਿਖੇ ਸਿਹਤ ਵਿਭਾਗ ਦੀ ਟੀਮ ਨੇ ਸਮਾਜ ਸੇਵੀਆਂ ਨਾਲ ਮਿਲ ਕੇ ਨਾਕਾ ਲਗਾ ਕੇ ਕੋਰੋਨਾ ਟੈਸਟਿੰਗ ਲਈ ਸੈਂਪਲ ਇਕੱਠੇ ਕੀਤੇ।
ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਅਮਰੀਕ ਨੇ ਦੱਸਿਆ ਕਿ ਉਹ ਲਗਾਤਾਰ ਵੱਧ ਤੋਂ ਵੱਧ ਲੋਕਾਂ ਦੇ ਕੋਰੋਨਾ ਸੈਂਪਲ ਇਕੱਠੇ ਕਰ ਰਹੇ ਹਨ, ਜਿਸ ਦਾ ਮਕਸਦ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੈਸਟਾਂ ਦੀ ਰਿਪੋਰਟ ਪਟਿਆਲਾ ਰਾਜਿੰਦਰਾ ਹਸਪਤਾਲ ਭੇਜੀ ਜਾਵੇਗੀ, ਜੋ ਕਿ ਇੱਕ ਦੋ ਦਿਨ ਵਿੱਚ ਆ ਜਾਵੇਗੀ ਅਤੇ ਇਹ ਲੋਕ ਆਪਣੀ ਮਰਜ਼ੀ ਨਾਲ ਕੋਰੋਨਾ ਟੈਸਟ ਕਰਵਾ ਰਹੇ ਹਨ ਅਤੇ ਕਿਸੇ ਦਾ ਧੱਕੇ ਨਾਲ ਕੋਰੋਨਾ ਟੈਸਟ ਨਹੀਂ ਕੀਤਾ ਜਾ ਰਿਹਾ।
ਸਮਾਜ ਸੇਵੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਜਦੋਂ ਤੋਂ ਕੋਰੋਨਾ ਮਹਾਂਮਾਰੀ ਚੱਲੀ ਹੈ ਉਹ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸੇਵਾ ਨਿਭਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।