ਸੰਗਰੂਰ: ਮੂਨਕ ਦੇ ਪਿੰਡ ਫੂਲਦ 'ਚ ਵੀਰਵਾਰ ਨੂੰ ਘੱਗਰ ਦਰਿਆ 'ਚ ਪਾੜ ਪੈਣ ਕਾਰਨ ਉਸ ਦਾ ਸਾਰਾ ਪਾਣੀ ਮੂਨਕ ਦੇ ਵੱਖ-ਵੱਖ ਪਿੰਡਾਂ 'ਚ ਪੁਹੰਚ ਗਿਆ ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਦੀ ਫ਼ਸਲ ਬਰਬਾਦ ਹੋ ਗਈ ਹੈ।
ਮੌਕੇ 'ਤੇ ਪ੍ਰਸਾਸ਼ਨ, NDRF ਅਤੇ ਫੌਜ ਵੱਲੋਂ ਰਾਹਤ ਕਾਰਜ ਜਾਰੀ ਹੈ। ਘੱਗਰ ਦੇ ਪਾੜ ਨੂੰ ਬੰਦ ਕਰਨ ਲਈ NDRF ਦੀਆਂ ਟੀਮਾਂ ਅਤੇ ਭਾਰਤੀ ਫ਼ੌਜ ਵੱਲੋਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। 5 ਫੁੱਟ ਤੋਂ ਸ਼ੁਰੂ ਹੋਇਆ ਪਾੜ ਹੁਣ 200 ਫੁੱਟ ਤੱਕ ਪਹੁੰਚ ਚੁੱਕਿਆ ਹੈ ਜਿਸ ਕਾਰਨ ਇਸ ਨੂੰ ਬੰਦ ਕਰਨ ਵਿੱਚ ਦਿੱਕਤ ਹੋ ਰਹੀ ਹੈ। ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਕੈਬਿਨੇਟ ਮੰਤਰੀ ਗੁੁਰਪ੍ਰੀਤ ਸਿੰਘ ਕਾਂਗੜ ਵੀ ਪੁੱਜੇ।
ਕਿਸਾਨਾਂ ਨੇ ਇਸ ਲਈ ਪ੍ਰਸਾਸ਼ਨ ਨੂੰ ਜਿੰਮੇਵਾਰ ਠਹਿਰਾਇਆ ਹੈ। ਪੀੜਤ ਮਹਿਲਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਭ ਕੁੱਝ ਬਰਬਾਦ ਹੋ ਗਿਆ ਹੈ। ਉਹ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦੇ ਸਨ ਅਤੇ ਹੁਣ ਘੱਗਰ ਦਾ ਪਾਣੀ ਖੇਤਾਂ 'ਚ ਆਉਣ ਕਾਰਨ ਉਨ੍ਹਾਂ ਦੀ ਸਾਰੀ ਫ਼ਸਲ ਤਬਾਹ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਪਾਉਣ ਲਈ ਚਾਰਾ ਤੱਕ ਨਹੀਂ ਬਚਿਆ ਹੈ ਜਿਸ ਕਾਰਨ ਉਹ ਹੁਮ ਤੱਕ ਭੁੱਖੇ ਹਨ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਭ ਕੁੱਝ ਬਰਬਾਦ ਹੋ ਗਿਆ ਹੈ ਅਤੇ ਉਨ੍ਹਾਂ ਦਾ ਦਿਲ ਕਰਦਾ ਹੈ ਕਿ ਉਹ ਕੁੱਝ ਖਾ ਕੇ ਹੀ ਮਰ ਜਾਣ। ਕਿਸਾਨਾਂ ਦਾ ਕਹਿਣਾ ਹੈ ਕੇ ਜੇ ਸਰਕਾਰ ਸਮਾਂ ਰਹਿੰਦੀਆਂ ਇਸ ਦਰਿਆ ਦੀ ਸਫ਼ਾਈ ਕਰਵਾ ਦਿੰਦੀ ਤਾਂ ਇਹ ਨੁਕਸਾਨ ਨਹੀਂ ਹੋਣਾਂ ਸੀ ਤੇ ਉਨ੍ਹਾਂ ਨੂੰ ਬੰਨ੍ਹ ਕੱਲ ਤੱਕ ਬੰਦ ਹੋਣ ਦੀ ਉਮੀਦ ਹੈ।