ਸੰਗਰੂਰ: ਪੰਜਾਬ ਭਰ 'ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਨਾਲ ਜਿਥੇ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਉਥੇ ਹੀ ਕਿਸਾਨਾਂ ਲਈ ਇਹ ਮੀਂਹ ਆਫਤ ਬਣ ਕੇ ਬਹੁੜਿਆ ਹੈ। ਇਸ ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚੱਲਦਿਆਂ ਸੰਗਰੂਰ 'ਚ ਕਈ ਕਿਸਾਨਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ।
ਕਿਸਾਨਾਂ ਦੀ ਝੋਨੇ ਦੀ ਫਸਲ ਜੋ ਕਿ ਉਨ੍ਹਾਂ ਵਲੋਂ ਛੇ ਮਹੀਨੇ ਹੱਡ ਤੋੜਵੀ ਮਿਹਨਤ ਕਰਨ ਤੋਂ ਬਾਅਦ ਪੱਕਣ 'ਤੇ ਆਈ ਹੈ ਅਤੇ ਕੁਝ ਦਿਨਾਂ 'ਚ ਹੀ ਮੰਡੀਆਂ 'ਚ ਜਾਣ ਲਈ ਤਿਆਰ ਵੀ ਹੈ। ਉਸ ਲਈ ਇਹ ਲਗਾਤਾਰ ਪੈ ਰਿਹਾ ਮੀਂਹ ਕਾਫੀ ਨੁਕਸਾਨਦਾਇਕ ਹੈ। ਇਸ ਨਾਲ ਕਿਸਾਨਾਂ ਦੀ ਫਸਲ ਤਬਾਹ ਹੁੰਦੀ ਦਿਖਾਈ ਦੇ ਰਹੀ ਹੈ।
ਸੰਗਰੂਰ ਦੇ ਕਈ ਪਿੰਡਾਂ 'ਚ ਮੀਂਹ ਕਾਰਨ ਫਸਲ ਖੇਤਾਂ 'ਚ ਗਿਰ ਚੁੱਕੀ ਹੈ ਅਤੇ ਧਰਤੀ 'ਤੇ ਲੰਮੀ ਪੈ ਗਈ ਹੈ। ਜਿਸ ਨਾਲ ਝੋਨੇ ਦੀ ਫਸਲ ਪਾਣੀ 'ਚ ਡੁੱਬ ਗਈ ਹੈ। ਇਸ ਸਬੰਧੀ ਕਿਸਾਨਾਂ ਦਾ ਕਹਿਣਾ ਕਿ ਉਨ੍ਹਾਂ ਦੀ ਫਸਲ ਪੂਰੀ ਤਰ੍ਹਾਂ ਤਿਆਰ ਸੀ ਅਤੇ ਕੁਝ ਦਿਨਾਂ 'ਚ ਹੀ ਵਾਢੀ ਕਰਕੇ ਮੰਡੀ 'ਚ ਲਿਜਾਉਣੀ ਸੀ।
ਉਨ੍ਹਾਂ ਦਾ ਕਹਿਣਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਫਸਲ ਨੁਕਸਾਨੀ ਗਈ ਹੈ ਅਤੇ ਦਾਣੇ ਦਾ ਰੰਗ ਵੀ ਕਾਲਾ ਪੈ ਜਾਵੇਗਾ। ਜਿਸ ਨਾਲ ਝੋਨੇ ਦੀ ਫਸਲ ਦੀ ਮੰਡੀਆਂ 'ਚ ਵਿਕਰੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਸਲਾਂ ਮੀਂਹ ਕਾਰਨ ਲੰਮੀਆਂ ਪੈ ਗਈਆਂ ਹਨ, ਜਿਸ ਕਾਰਨ ਕੰਬਾਇਨ ਨਾਲ ਹੋਣ ਵਾਲੀ ਵਾਢੀ ਮੁਸ਼ਕਿਲ ਹੋਵੇਗੀ।
ਕਿਸਾਨਾਂ ਦਾ ਕਹਿਣਾ ਕਿ ਇਸ ਨਾਲ ਹੁਣ ਉਨ੍ਹਾਂ ਦੀ ਮਿਹਨਤ ਵੀ ਜ਼ਿਆਦਾ ਲੱਗੇਗੀ ਅਤੇ ਨਾਲ ਹੀ ਝੋਨੇ ਦੇ ਝਾੜ 'ਚ ਵੀ ਕਮੀ ਆਵੇਗੀ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਕਿ ਮੌਸਮ ਵਿਭਾਗ ਵਲੋਂ ਹਾਲੇ ਹੋਰ ਮੀਂਹ ਦੱਸਿਆ ਜਾ ਰਿਹਾ ਹੈ , ਜਿਸ ਕਾਰਨ ਉਨ੍ਹਾਂ ਨੂੰ ਡਰ ਹੈ ਕਿ ਫਸਲਾਂ ਪੂਰੀ ਤਰ੍ਹਾਂ ਨੁਕਸਾਨੀਆਂ ਜਾਣਗੀਆਂ। ਇਸ ਦੇ ਚੱਲਦਿਆਂ ਕਿਸਾਨਾਂ ਵਲੋਂ ਇਸ ਕੁਦਰਤੀ ਆਫਤ ਤੋਂ ਕੁਝ ਰਾਹਤ ਲਈ ਪੰਜਾਬ ਸਰਕਾਰ 'ਤੇ ਟੇਕ ਲਗਾਉਂਦਿਆਂ ਬਰਬਾਦ ਹੋਈ ਫਸਲ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਦੋ ਦਿਨ ਤੋਂ ਪੈ ਰਿਹਾ ਮੀਂਹ ਬਣਿਆ ਕਾਲ, ਝੋਨੇ ਦੀ ਫ਼ਸਲ 'ਤੇ ਪਿਆ ਮਾੜਾ ਅਸਰ