ਕੋਲਕਾਤਾ (ਈਡਨ ਗਾਰਡਨ) : ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡੇ ਗਏ ਪਹਿਲੇ ਟੀ-20 ਮੈਚ 'ਚ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਮੈਚ 'ਚ ਇੰਗਲੈਂਡ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ 10 ਵਿਕਟਾਂ ਗੁਆ ਕੇ 132 ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਜਿੱਤ ਲਈ 133 ਦੌੜਾਂ ਦੇ ਟੀਚੇ ਨੂੰ 12.5 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾ ਕੇ 43 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਜਿੱਤ ਲਿਆ।
ਇਸ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ ਸੀ,
ਭਾਰਤ ਲਈ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਪਾਰੀ ਦੀ ਸ਼ੁਰੂਆਤ ਕਰਨ ਆਏ ਸਨ। ਇਨ੍ਹਾਂ ਦੋਵਾਂ ਨੇ ਮਿਲ ਕੇ ਪਹਿਲੀ ਵਿਕਟ ਲਈ 4.2 ਓਵਰਾਂ ਵਿੱਚ 41 ਦੌੜਾਂ ਜੋੜੀਆਂ। ਭਾਰਤ ਨੂੰ ਪਹਿਲਾ ਝਟਕਾ ਸੰਜੂ ਦੇ ਰੂਪ 'ਚ ਲੱਗਾ। ਜੋਫਰਾ ਆਰਚਰ ਨੇ ਉਸ ਨੂੰ 26 ਦੌੜਾਂ 'ਤੇ ਪਵੇਲੀਅਨ ਭੇਜਿਆ। ਆਪਣੀ ਪਾਰੀ ਦੌਰਾਨ ਸੰਜੂ ਨੇ 130 ਦੇ ਸਟ੍ਰਾਈਕ ਰੇਟ ਨਾਲ 20 ਗੇਂਦਾਂ 'ਤੇ 4 ਚੌਕੇ ਅਤੇ 1 ਛੱਕਾ ਲਗਾਇਆ। ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਜ਼ੀਰੋ 'ਤੇ ਜੋਫਰਾ ਆਰਚਰ ਦੀ ਗੇਂਦ 'ਤੇ ਵਿਕਟਕੀਪਰ ਫਿਲ ਸਾਲਟ ਦੇ ਹੱਥੋਂ ਕੈਚ ਹੋ ਗਏ।
ਅਭਿਸ਼ੇਕ ਨੇ ਤੂਫਾਨੀ ਅਰਧ ਸੈਂਕੜੇ ਦੀ ਪਾਰੀ ਖੇਡੀ
ਇਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਆਪਣਾ ਹਮਲਾਵਰ ਰਵੱਈਆ ਜਾਰੀ ਰੱਖਿਆ। ਤਿਲਕ ਵਰਮਾ ਨਾਲ ਮਿਲ ਕੇ ਤੀਜੇ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਪੂਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ 20 ਗੇਂਦਾਂ 'ਚ 3 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਅਭਿਸ਼ੇਕ ਸ਼ਰਮਾ ਨੇ 232.35 ਦੇ ਵਿਸਫੋਟਕ ਸਟ੍ਰਾਈਕ ਰੇਟ ਨਾਲ 33 ਗੇਂਦਾਂ 'ਤੇ 5 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 79 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਭਾਰਤ ਲਈ ਤਿਲਕ ਵਰਮਾ ਨੇ 19 ਅਤੇ ਹਾਰਦਿਕ ਪੰਡਯਾ ਨੇ 3 ਦੌੜਾਂ ਬਣਾਈਆਂ। ਇਸ ਨਾਲ ਭਾਰਤ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਇੰਗਲੈਂਡ ਲਈ ਬਟਲਰ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ
ਇੰਗਲੈਂਡ ਲਈ ਬੇਨ ਡਕੇਟ ਨੇ ਪਾਰੀ ਦੀ ਸ਼ੁਰੂਆਤ ਕੀਤੀ। ਸਾਲਟ ਜ਼ੀਰੋ 'ਤੇ ਅਰਸ਼ਦੀਪ ਅਤੇ 4 ਦੌੜਾਂ 'ਤੇ ਡਕੇਟ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਵਰੁਣ ਨੇ ਹੈਰੀ ਬਰੂਕ ਨੂੰ 17 ਅਤੇ ਲਿਆਮ ਲਿਗਿਨਸਟਨ ਨੂੰ ਜ਼ੀਰੋ 'ਤੇ ਆਊਟ ਕੀਤਾ। ਜੈਕਬ ਬੈਥਲ 7 ਦੌੜਾਂ, ਜੈਮੀ ਓਵਰਟਨ 2 ਅਤੇ ਐਟਕਿੰਸਨ 2 ਦੌੜਾਂ ਬਣਾ ਕੇ ਆਊਟ ਹੋਏ | ਜੋਫਰਾ ਆਰਚਰ ਨੇ 10, ਆਦਿਲ ਰਾਸ਼ਿਦ ਨੇ 8 ਅਤੇ ਮਾਰਕ ਵੁੱਡ ਨੇ 1 ਦੌੜ ਬਣਾਈ।
ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਅਰਧ ਸੈਂਕੜਾ ਲਗਾਇਆ। ਉਸ ਨੇ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ। ਬਟਲਰ ਨੇ 42 ਗੇਂਦਾਂ 'ਤੇ 8 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 68 ਦੌੜਾਂ ਦੀ ਪਾਰੀ ਖੇਡੀ। ਟੀਮ ਇੰਡੀਆ ਲਈ ਵਰੁਣ ਚੱਕਰਵਰਤੀ ਨੇ 3 ਅਤੇ ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਨੇ 2-2 ਵਿਕਟਾਂ ਲਈਆਂ। ਹਾਰਦਿਕ ਪੰਡਯਾ ਨੂੰ 1 ਵਿਕਟ ਮਿਲੀ।