ਸੰਗਰੂਰ: ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਵਿੱਚ ਹੋ ਰਿਹਾ ਵਿਰੋਧ ਆਪਣੇ ਸਿਖਰ ਵੱਲ ਪਹੁੰਚਦਾ ਜਾ ਰਿਹਾ ਹੈ। ਕਿਸਾਨਾਂ ਨੇ ਖੇਤੀ ਆਰਡੀਨੈਂਸਾਂ ਵਿਰੁੱਧ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕਰ ਕੇ ਰੱਖ ਦਿੱਤਾ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਵਿੱਚ ਲੁਧਿਆਣਾ-ਜਾਖਲ ਰੇਲਵੇ ਲਾਈਨ 'ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਨ੍ਹਾਂ ਕਿਸਾਨ ਅਤੇ ਲੋਕ ਮਾਰੂ ਬਿੱਲਾਂ ਵਿਰੁੱਧ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਇਸ ਰੂਟ ਦੀ ਰੇਲ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ।
ਇਸ ਰੇਲ ਰੋਕੂ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਇਨ੍ਹਾਂ ਬਿੱਲਾਂ ਵਿਰੁੱਧ ਅੱਜ ਪੰਜਾਬ ਦਾ ਕਿਸਾਨ ਇਕਜੁੱਟ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਧਰਨੇ ਵਿੱਚ ਔਰਤਾਂ, ਨੌਜਵਾਨ ਅਤੇ ਸਮਾਜ ਦਾ ਹਰ ਵਰਗ ਵੱਡੇ ਪੱਧਰ 'ਤੇ ਸ਼ਾਮਲ ਹੋ ਰਿਹਾ ਹੈ। ਮਨਜੀਤ ਘਰਾਚੋਂ ਨੇ ਕਿਹਾ ਜਿਨ੍ਹਾਂ ਸਮਾਂ ਕੇਂਦਰ ਸਰਕਾਰ ਇਨ੍ਹਾਂ ਕਿਸਾਨ ਵਿਰੋਧ ਬਿੱਲਾਂ ਨੂੰ ਰੱਦ ਨਹੀਂ ਕਰਦੀ, ਉਨ੍ਹਾਂ ਸਮਾਂ ਇਹ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਕੇਂਦਰ ਸਕਾਰ ਦੇ ਪੈਰਾਂ ਹੇਠ ਅੱਗ ਬਾਲ ਦੇਣਗੇ।
ਇਸ ਮੌਕੇ ਪਹੁੰਚੇ ਇੱਕ ਨੌਜਵਾਨ ਕਿਸਾਨ ਰਮਨ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਹ ਬਿੱਲ ਕਿਸਾਨਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਹੀ ਬੰਦੂਆ ਮਜ਼ਦੂਰ ਬਣਾ ਦੇਣਗੇ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸਾਨ ਆਪਣੇ ਭਵਿੱਖ ਨੂੰ ਖ਼ਤਰੇ ਵਿੱਚ ਵੇਖ ਕੇ ਇਨ੍ਹਾਂ ਬਿੱਲਾਂ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਕੁੱਦ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਜੋ ਕੇ ਕਿਸਾਨ ਮਾਰੂ ਹਨ, ਇਨ੍ਹਾਂ ਦਾ ਨੁਕਸਾਨ ਆਮ ਲੋਕਾਂ ਭਾਵ ਸਮਾਜ ਦੇ ਹਰ ਵਰਗ ਨੂੰ ਝੱਲਣਾ ਪੈਣਾ ਹੈ।