ਸੰਗਰੂਰ: ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਨੂੰ ਲੈ ਕੇ ਪਿੰਡ ਭਸੌੜ ਅਨਾਜ ਮੰਡੀ ਵਿਖੇ ਪਿੰਡ ਬੱਬਨਪੁਰ, ਭਨਭੌਰੀ, ਰਾਜਿੰਦਰਾ ਪੂਰੀ ਦੇ ਕਿਸਾਨਾਂ ਅਤੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਤੇ ਸਮੂਹ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨਾਂ ਵੱਲੋਂ ਪਿੰਡ ਪੱਧਰ 'ਚ ਇਕੱਠ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ਼ ਆਪਣਾ ਰੋਸ ਜ਼ਾਹਰ ਕੀਤਾ ਗਿਆ। ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਸਵੰਤ ਸਿੰਘ ਬਨਭੌਰੀ ਨੇ ਕਿਹਾ ਕਿ ਸਰਕਾਰ ਵੱਲੋਂ ਜਾ ਫਿਰ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀ ਕਿਸੇ ਵੀ ਧਰਨੇ ਵਿੱਚ ਮੰਗ ਪੱਤਰ ਜਾ ਫਿਰ ਭਰੋਸਾ ਦੇਣ ਲਈ ਨਹੀਂ ਪੁਹੰਚਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਨਵੇਂ ਆਰਡੀਨੈਂਸ ਕਿਸਾਨ ਅਤੇ ਮਜ਼ਦੂਰਾਂ ਦੇ ਖਿਲਾਫ਼ ਭੁਗਤਣ ਵਾਲੀਆਂ ਨੀਤੀਆਂ ਦਾ ਪੁਲੰਦਾ ਹਨ। ਜੇਕਰ ਇਹ ਤਿੰਨੇ ਆਰਡੀਨੈਂਸ ਲਾਗੂ ਹੋ ਜਾਂਦੇ ਹਨ ਤਾਂ ਪੰਜਾਬ ਅਤੇ ਸਮੁੱਚੇ ਭਾਰਤ ਦੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਭਿਆਨਕ ਨਤੀਜੇ ਸਾਬਤ ਹੋਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਆਰਡੀਨੈਸਾਂ ਵਿੱਚ ਲਿਖਿਆ ਅਨੁਸਾਰ ਕਿਸੇ ਵੀ ਫ਼ਸਲ ਦਾ ਨਿਰਧਾਰਤ ਮੁੱਲ ਨਹੀਂ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਕੰਪਨੀਆਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਲਈ ਕਵਾਇਦ ਸ਼ੁਰੂ ਹੋ ਜਾਵੇਗੀ, ਜਿਸ ਦੇ ਸਿੱਟੇ ਵਜੋਂ ਆਪਣੀ ਜ਼ਮੀਨ ਤੇ ਖੇਤੀ ਕਰਕੇ ਆਪਣਾ ਪਰਿਵਾਰ ਪਾਲਣ ਵਾਲਾ ਕਿਸਾਨ ਉਕਤ ਕੰਪਨੀਆਂ ਦੇ ਰਹਿਮੋ ਕਰਮ ਦਾ ਮੋਹਤਾਜ ਬਣ ਕੇ ਰਹਿ ਜਾਵੇਗਾ।