ਸੰਗਰੂਰ: ਲਹਿਰਾਗਾਗਾ-ਸੁਨਾਮ ਮੁੱਖ ਮਾਰਗ 'ਤੇ ਘੱਗਰ ਬ੍ਰਾਂਚ ਨਹਿਰ ਦਾ ਪੁਲ ਵਿਚਕਾਰੋਂ ਧੱਸ ਜਾਣ ਮਗਰੋਂ ਬੀ.ਐਂਡ.ਆਰ ਵਿਭਾਗ ਨੇ ਅਵਾਜਾਈ 'ਤੇ ਰੋਕ ਲਗਾ ਦਿੱਤੀ ਹੈ, ਪਰ ਵਿਭਾਗ ਨੇ ਲੋਕਾਂ ਦੀ ਸਹੂਲਤ ਲਈ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ, ਜਿਸ ਕਾਰਨ ਰਾਹਗੀਰਾਂ ਨੂੰ ਕਰੀਬ 8 ਕਿਲੋਮੀਟਰ ਦੂਰ ਪਿੰਡ ਕੋਟੜਾ ਲਹਿਲ ਸਾਈਡ ਤੋਂ ਗੇੜ ਪਾ ਕੇ ਸ਼ਹਿਰ ਅੰਦਰ ਦਾਖਲ ਹੋਣਾ ਪੈਂਦਾ ਹੈ।
ਭਾਰੀ ਅਵਾਜਾਈ ਕੋਟੜਾ ਲਹਿਲ ਉੱਪਰ ਦੀ ਲੰਘਣ ਕਾਰਨ ਅੰਗਰੇਜ਼ਾਂ ਸਮੇਂ ਦਾ ਬਣਿਆ ਪੁਲ ਢਹਿ-ਢੇਰੀ ਹੋਣ ਲੱਗ ਪਿਆ ਹੈ, ਜੋ ਕਿਸੇ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਪਿੰਡ ਦੇ ਰਹਿਣ ਵਾਲੇ ਕਿਸਾਨ ਆਗੂ ਦਰਸ਼ਨ ਸਿੰਘ ਕੋਟੜਾ ਨੇ ਦੱਸਿਆ ਹੈ ਕਿ ਇਹ ਪੁਲ ਅੰਗਰੇਜ਼ਾਂ ਦੇ ਸਮੇਂ ਦਾ ਹੈ, ਪਰ ਇਸ ਪਿੱਛੋਂ ਵਿਭਾਗ ਨੇ ਪੁਲ ਉੱਪਰ ਕੋਈ ਪੈਸਾ ਖਰਚ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਭਾਰੀ ਆਵਾਜਾਈ ਸ਼ੁਰੂ ਹੋਣ ਨਾਲ ਪੁਲ ਦੀ ਰੇਲਿੰਗ ਟੁੱਟ ਚੁੱਕੀ ਹੈ, ਜਿਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।
ਰਾਇਸ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ ਅਤੇ ਚੇਅਰਮੈਨ ਅਸ਼ੋਕ ਸਿੰਗਲਾ ਨੇ ਕਿਹਾ ਕਿ ਲਹਿਰਾਗਾਗਾ-ਸੁਨਾਮ ਰੋਡ 'ਤੇ ਘੱਗਰ ਬਰਾਂਚ ਦੇ ਟੁੱਟੇ ਹੋਏ ਪੁਲ ਕਾਰਨ ਕਿਸਾਨਾਂ ਨੂੰ ਫ਼ਸਲ ਲਿਆਉਣ ਵਿੱਚ ਭਾਰੀ ਦਿੱਕਤ ਆਵੇਗੀ ਕਿਉਂਕਿ ਜੀਰੀ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲ ਟੁੱਟੇ ਨੂੰ 20 ਦਿਨ ਹੋ ਚੁੱਕੇ ਹਨ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਵੀ ਬੰਦ ਹੈ, ਪਰ ਸਬੰਧਿਤ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਪ੍ਰਧਾਨ ਚਰਨਜੀਤ ਸ਼ਰਮਾ ਨੇ ਦੱਸਿਆ ਕਿ ਪੁੱਲ ਟੁੱਟਣ ਕਾਰਨ ਕਣਕ ਤੇ ਚੌਲਾਂ ਦੀਆਂ ਸਪੈਸ਼ਲਾਂ ਵੀ ਬੰਦ ਹਨ, ਜਿਸ ਕਾਰਨ ਗੁਦਾਮਾਂ ਵਿੱਚ ਅਗਲੇ ਸਾਲ ਚਾਵਲ ਲੱਗਣ ਲਈ ਦਿੱਕਤ ਆਵੇਗੀ। ਉਨ੍ਹਾਂ ਮੰਗ ਕੀਤੀ ਕਿ ਇਸ ਪੁਲ ਨੂੰ ਛੇਤੀ ਤੋਂ ਛੇਤੀ ਦੁਬਾਰਾ ਬਣਾਇਆ ਜਾਵੇ। ਪੁਲ ਦੀ ਸਮੱਸਿਆ ਬਾਰੇ ਡੀਸੀ ਸੰਗਰੂਰ ਰਾਮਬੀਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਨ-ਮਾਲ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ। ਇਸ ਖ਼ਸਤਾ ਪੁਲ ਦੀ ਹਾਲਤ ਦੇਖਦਿਆਂ ਇਹ ਬੰਦ ਕੀਤਾ ਗਿਆ ਸੀ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਹੁਣ ਜਲਦੀ ਹੀ ਪੁਲ ਦਾ ਕੰਮ ਚਾਲੂ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ।