ਮਲੇਰਕੋਟਲਾ: ਮਲੇਰਕੋਟਲਾ ਦੇ ਪਿੰਡ ਚਾਂਗਲੀ ਵਿਖੇ ਡਿਊਟੀ ਦੌਰਾਨ ਇੱਕ ਆਸ਼ਾ ਵਰਕਰ ਦੀ ਕੋਰੋਨਾ ਸੈਂਪਲਿੰਗ ਦੌਰਾਨ ਮੌਤ ਹੋ ਗਈ ਹੈ, ਜਿਸਨੂੰ ਲੈ ਕੇ ਆਸ਼ਾ ਵਰਕਰਾਂ ਵੱਲੋਂ ਸਰਕਾਰੀ ਹਸਪਤਾਲ ਦੇ ਸਾਹਮਣੇ ਆਪਣੀਆਂ ਮੰਗਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਗਿਆ।
ਆਸ਼ਾ ਵਰਕਰਾਂ ਦਾ ਇਲਜ਼ਾਮ ਹੈ ਕਿ ਸਿਹਤ ਵਿਭਾਗ ਵਲੋਂ ਉਨ੍ਹਾਂ ਨੂੰ ਕੋਰੋਨਾ ਮੁਹਿੰਮ ਦੇ ਚਲਦਿਆਂ ਸੁਰੱਖਿਆ ਦੇ ਲਿਹਾਜ਼ ਨਾਲ ਕੋਈ ਵੀ ਸਾਮਾਨ ਮੁਹੱਈਆ ਨਹੀਂ ਕਰਵਾਇਆ ਜਾਂਦਾ।
ਉਨ੍ਹਾਂ ਕਿਹਾ ਮਾਸਕ ਤੇ ਸੈਨੀਟਾਈਜ਼ਰ ਵੀ ਉਹ ਆਪਣੇ ਖੁਦ ਦੇ ਪੈਸਿਆਂ ਤੋਂ ਖ਼ਰੀਦ ਕੇ ਕੰਮ ਕਰਦੇ ਹਨ। ਫਰੰਟਲਾਈਨ 'ਤੇ ਆ ਕੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੇ ਕਿਹਾ ਕਿ ਉਹ ਖ਼ਤਰੇ 'ਚ ਰਹਿ ਕੇ ਆਪਣੀ ਡਿਊਟੀ ਦੇ ਰਹੀਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਆਸ਼ਾ ਵਰਕਰ ਦੀ ਡਿਊਟੀ ਦੌਰਾਨ ਮੌਤ ਹੋਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਬਣਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਬਹੁਤ ਘੱਟ ਪੈਸਿਆਂ 'ਤੇ ਕੰਮ ਕਰਨ ਲਈ ਮਜਬੂਰ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹਰਿਆਣਾ ਪੈਟਰਨ ਲਾਗੂ ਕਰਨ ਦੀ ਗੱਲ ਕੀਤੀ ਗਈ ਜੋ ਹੁਣ ਤੱਕ ਅਮਲ 'ਚ ਨਹੀਂ ਲੈ ਕੇ ਆਈ ਗਈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਉਹ ਵੱਡੇ ਪੱਧਰ 'ਤੇ ਸੰਘਰਸ਼ ਕਰਨਗੇ।