ਸੰਗਰੂਰ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਵਿਰੁੱਧ ਕਿਸਾਨਾਂ ਦੀ ਹਮਾਇਤ ਕਰਦਿਆਂ ਹਰਪਾਲ ਚੀਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਬਾਕੀ ਨੇਤਾਵਾਂ ਨੇ ਅੱਜ ਜ਼ਿਲ੍ਹਾ ਸੰਗਰੂਰ ਵਿੱਚ ਰੋਸ ਪ੍ਰਦਰਸ਼ਨ ਕੀਤਾ।
ਆਪ ਦੇ ਵਿਧਾਇਕ ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਜਿਹੜੇ ਖੇਤੀ ਆਰਡੀਨੈਂਸਾਂ ਲਿਆਂਦੇ ਹਨ ਉਹ ਕਿਸਾਨ ਵਿਰੋਧੀ ਹਨ। ਕੇਂਦਰ ਦੀ ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਲਿਆ ਕੇ ਕਿਸਾਨਾਂ ਦੇ ਡੈਥ ਵਾਰੰਟ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਇਸ ਤੁਗਲਕੀ ਫਰਮਾਨ ਨੂੰ ਜਲਦ ਤੋਂ ਜਲਦ ਜਾਰੀ ਕੀਤਾ ਹੈ। ਉਸੇ ਤਰ੍ਹਾਂ ਇਨ੍ਹਾਂ ਆਰਡੀਨੈਂਸਾਂ ਨੂੰ ਜਲਦ ਤੋਂ ਜਲਦ ਵਾਪਸ ਲਿਆ ਜਾਵੇ।
ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸਾਨਾਂ ਦੇ ਹਿੱਤਾਂ ਵਿੱਚ ਨਹੀਂ ਹੈ। ਜੇਕਰ ਇਹ ਆਰਡੀਨੈਂਸ ਪਾਸ ਹੋ ਗਿਆ ਤਾਂ ਇਹ ਕਿਸਾਨਾਂ ਲਈ ਵੱਡੀ ਮੁਸੀਬਤ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਕਿਸਾਨ ਪਹਿਲਾਂ ਹੀ ਕਰਜ਼ੇ ਹੇਠ ਦੱਬਿਆ ਹੋਇਆ ਹੈ। ਜੇਕਰ ਇਹ ਬਿੱਲ ਦੇਸ਼ ਵਿੱਚ ਆ ਜਾਂਦਾ ਹੈ ਤਾਂ ਕਿਸਾਨੀ ਪੂਰੀ ਤਰ੍ਹਾਂ ਮਰ ਜਾਵੇਗੀ। ਉਨ੍ਹਾਂ ਕਿਹਾ ਕਿ ਆਪ ਪਾਰਟੀ ਵੱਲੋਂ ਦਾ ਇਸ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਪਾਰਟੀ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਸੀ ਤੇ ਹੁਣ ਵੀ ਉਨ੍ਹਾਂ ਦੇ ਨਾਲ ਹੈ।
ਹਲਕਾ ਇੰਚਾਰਜ ਨਰਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਹੈ। ਇਨ੍ਹਾਂ ਆਰਡੀਨੈਂਸਾਂ ਦੇ ਪਾਸ ਹੋਣ ਨਾਲ ਕਿਸਾਨ ਹੀ ਨਹੀਂ ਦੁਕਾਨਦਾਰ, ਆੜ੍ਹਤੀਆਂ, ਮਜ਼ਦੂਰ ਸਾਰੇ ਲੋਕ ਪ੍ਰਭਾਵਿਤ ਹੋਣਗੇ ਸਭ ਦਾ ਰੋਜ਼ਗਾਰ ਤੇ ਕੰਮਕਾਰ ਠੱਪ ਹੋ ਜਾਵੇਗਾ। ਕੇਂਦਰ ਸਰਕਾਰ ਨੇ ਇਹ ਕਿਸਾਨ ਮਾਰੂ ਫੈਸਲਾ ਲਿਆਂਦਾ ਹੈ ਇਸ ਲਈ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਾਂ।
ਇਹ ਵੀ ਪੜ੍ਹੋ:ਆਜ਼ਾਦ ਸਮਾਜ ਪਾਰਟੀ ਵੱਲੋਂ ਕਿਸਾਨਾਂ ਦੇ ਸਮਰਥਨ ਦਾ ਐਲਾਨ, ਰਾਸ਼ਟਰਪਤੀ ਦੇ ਨਾਂਅ ਦਿੱਤਾ ਮੰਗ ਪੱਤਰ