ਮੋਹਾਲੀ: ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਵਸਿਆ ਹੋਇਆ ਹੈ ਮੋਹਾਲੀ ਜ਼ਿਲ੍ਹੇ ਦਾ ਪਿੰਡ ਮਿਰਾਜਪੁਰ। ਪਿੰਡ ਮਿਰਾਜਪੁਰ ਅੰਗਰੇਜ਼ਾਂ ਦੇ ਸਮੇਂ ਦੀ ਇੱਕ ਇਤਿਹਾਸਕ ਇਮਾਰਤ ਜੰਗਲਾਤ ਵਿਭਾਗ ਦੇ ਵਿਸ਼ਰਾਮ ਘਰ ਵਜੋਂ ਸੰਭਾਲੀ ਬੈਠਾ ਹੈ। ਮਿਰਾਜਪੁਰ ਵਿੱਚ ਜੰਗਲਾਤ ਵਿਭਾਗ ਦਾ ਇਹ ਵਿਸ਼ਰਾਮ ਘਰ 1914 ਵਿੱਚ ਅੰਗਰੇਜ਼ੀ ਸਰਕਾਰ ਨੇ ਬਣਵਾਇਆ ਸੀ। ਆਪਣਾ 100 ਵਰ੍ਹਿਆਂ ਦਾ ਜੀਵਨ ਪੂਰਾ ਕਰ ਚੁੱਕਿਆ ਇਹ ਵਿਸ਼ਰਾਮ ਘਰ ਅੱਜ ਵੀ ਉਸੇ ਤਰ੍ਹਾਂ ਹੀ ਆਪਣੇ ਮਹਿਮਾਨਾਂ ਨੂੰ ਜੀ ਆਇਆ ਨੂੰ ਆਖ ਰਿਹਾ ਹੈ।
ਇਸ ਵਿਸ਼ਰਾਮ ਘਰ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਰਿਕਾਰਡ ਵੀ ਬੀਤੇ 100 ਸਾਲਾਂ ਤੋਂ ਦਰਜ ਹੋ ਰਿਹਾ ਹੈ। ਮਹਿਮਾਨਾਂ ਦੇ ਆਉਣ ਜਾਣ ਦਾ ਰਿਕਾਰਡ ਇੱਕ ਰਜਿਸਟਰ ਵਿੱਚ ਬਾਖੂਬੀ ਸੰਭਿਆ ਹੋਇਆ ਹੈ। ਇਸ ਰਜਿਸਸਟਰ ਵਿੱਚ ਅੰਗ੍ਰੇਜ਼ ਅਫਸਰਾਂ ਦੇ ਆਉਣ ਜਾਣ ਦਾ ਰਿਕਾਰਡ ਦਰਜ ਹੈ। ਇਸ ਵਿੱਚ ਤਾਜ਼ਾ ਇੰਦਰਾਜ ਮੁੱਖ ਮੰਤਰੀ ਦੇ ਐੱਸਓਡੀ ਕੈਪਟਨ ਸੰਦੀਪ ਸਿੰਘ ਦਾ 17 ਮਈ ਦਾ ਆਖਰੀ ਇੰਦਰਾਜ ਦਰਜ ਹੈ।
ਸ਼ਿਵਾਕਲ ਦੀਆਂ ਪਹਾੜੀਆਂ ਵਿੱਚ ਹੋਣ ਕਾਰਨ ਇਸ ਵਿਸ਼ਰਾਮ ਘਰ ਵਿੱਚ ਆਉਣ ਲਈ ਬਹੁਤੇ ਲੋਕ ਤਰਜ਼ੀਹ ਦਿੰਦੇ ਹਨ। ਸ਼ਿਵਾਲਕ ਦੇ ਜੰਗਲਾਂ ਵਿੱਚਲੇ ਜੀਵ-ਜੰਤੂ ਇੱਥੋਂ ਦੇ ਮਹੌਲ ਨੂੰ ਹੋਰ ਵੀ ਹਸੀਨ ਬਣਾਉਂਦੇ ਹਨ। ਇਲਾਕੇ ਵਿੱਚ ਨੀਲ ਗਾਂ, ਬਾਰਾ ਸਿੰਙਾਂ ਆਦਿ ਜਨਵਰ ਆਮ ਵੇਖੇ ਜਾ ਸਕਦੇ ਹਨ।
ਇਸ ਵਿਸ਼ਰਾਮ ਘਰ ਦੀ ਅੰਦਰੂਨੀ ਦਿਖ ਵੀ ਹੁਣ ਤੱਕ ਬਰਕਰਾਰ ਹੈ। ਹਾਲਕਿ ਸਰਕਾਰ ਨੇ ਇਸ ਵਿਸ਼ਰਾਮ ਘਰ ਦੀ ਮੁਰੰਮਤ ਕਰਵਾਈ ਹੈ। ਇਸ ਵਿਸ਼ਰਾਮ ਘਰ ਵਿੱਚ ਪੁਰਾਣਾ ਸਾਮਾਨ ਜਿਵੇਂ ਕਿ ਖਾਣੇ ਵਾਲਾ ਮੇਜ਼, ਕੁਰਸੀਆਂ, ਪੁਰਾਣੇ ਪਲੰਘ ਆਦਿ ਮੌਜੂਦ ਹਨ। ਇਸੇ ਵਿਸ਼ਰਾਮ ਘਰ ਵਿੱਚ ਇੱਕ ਪੁਰਾਤਨ ਖੂਹ ਵੀ ਮੌਜੂਦ ਹੈ।