ਮੋਹਾਲੀ: ਕੁਰਾਲੀ ਵਿਖੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ 17 ਵਾਰਡਾਂ ਵਿੱਚ ਵੱਖ ਵੱਖ ਥਾਵਾਂ ਤੇ 34 ਪੋਲਿੰਗ ਬੂਥਾਂ ਉੱਤੇ ਸ਼ਹਿਰ ਦੇ ਵੋਟਰਾਂ ਵੱਲੋਂ ਵੋਟਿੰਗ ਕੀਤੀ ਗਈ। 17 ਵਾਰਡਾਂ ਦੇ ਉਮੀਦਵਾਰਾਂ ਵਿੱਚ 17 (ਕਾਂਗਰਸ),10(ਆਪ),10(ਅਕਾਲੀ ਦਲ)ਅਤੇ 23(ਆਜ਼ਾਦ)ਉਮੀਦਵਾਰਾ ਨੇ ਚੋਣ ਲੜੀ ਹੈ। ਇਸ ਦੌਰਾਨ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਸਨ।
ਡੀਸੀ ਗਿਰੀਸ਼ ਦਿਆਲਨ ਅਤੇ ਰਿਟਰਨਿੰਗ ਅਫਸਰ ਨੇ ਕੀਤਾ ਪੋਲਿੰਗ ਬੁਥਾਂ ਦਾ ਦੌਰਾ
ਇਸ ਮੌਕੇ ਮੋਹਾਲੀ ਦੇ ਡੀਸੀ ਗਿਰੀਸ਼ ਦਿਆਲਨ ਅਤੇ ਰਿਟਰਨਿੰਗ ਅਫਸਰ ਮਨੀਸ਼ਾ ਰਾਣਾ ਨੇ ਦੱਸਿਆ ਕਿ 34 ਪੋਲਿੰਗ ਬੁਥਾਂ ’ਤੇ ਵੋਟਰਾਂ ਦੁਆਰਾ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਦੀ ਪੂਰੀ ਤਿਆਰੀ ਦਿਖ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਦ ਹੈ। ਪੁਲਿਸ ਪ੍ਰਸ਼ਾਸਨ ਦੁਆਰਾ ਦਿਨ ਰਾਤ ਸ਼ਹਿਰ ਦਾ ਗਸ਼ਤ ਕੀਤਾ ਜਾ ਰਿਹਾ ਹੈ ਅਤੇ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਦੁਆਰਾ ਪੋਲਿੰਗ ਬੁਥਾਂ ’ਤੇ ਡਿਊਟੀ ਦੌਰਾਨ ਵੋਟਰਾਂ ਨੂੰ ਮੋਬਾਈਲ ਨਾਲ ਨਾ ਲੈ ਕੇ ਜਾਣ ਦੀ ਸਖ਼ਤ ਹਦਾਇਤ ਦਿੱਤੀ ਗਈ। ਰਿਟਰਨਿੰਗ ਅਫ਼ਸਰ ਮਨੀਸ਼ਾ ਰਾਣਾ ਨੇ ਦੱਸਿਆ ਕਿ ਕੁਰਾਲੀ ਸ਼ਹਿਰ ਵਿੱਚ 17 ਵਾਰਡਾਂ ਦੇ ਵੋਟਰਾਂ ਦੁਆਰਾ ਪੋਲਿੰਗ ਬੂਥਾਂ ਤੇ ਕੁੱਲ 17938 (69.24%)ਵੋਟ ਪੋਲ ਹੋਈ ਹੈ।ਜਿਨ੍ਹਾਂ ਵਿਚ ਔਰਤਾਂ ਦੁਆਰਾ 9470 ਅਤੇ ਮਰਦਾਂ ਦੁਆਰਾ 8468 ਵੋਟਾਂ ਪਾਈਆਂ ਗਈਆਂ ਹਨ।