ਕੁਰਾਲੀ: ਸਥਾਨਕ ਸ਼ਹਿਰ ਦੀ ਸ਼੍ਰੀ ਵਿਸ਼ਵਕਰਮਾ ਮੰਦਿਰ ਸਭਾ (ਰਜਿ) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿੱਚ ਪ੍ਰਿੰਸੀਪਲ ਚਰਨਜੀਤ ਕੌਰ ਦੀ ਅਗਵਾਈ ਵਿੱਚ ਇੱਕ ਸਮਾਗਮ ਕਰਵਾਇਆ ਗਿਆ।
ਸਮਾਗਮ ਵਿੱਚ ਸਕੂਲ ਦੇ ਸੰਗੀਤ ਅਧਿਆਪਕ ਭੁਪਿੰਦਰ ਸਿੰਘ ਨੂੰ ਸ਼ਬਦ ਗਾਇਨ ਵਿੱਚ ਰਾਜ ਪੱਧਰੀ ਪ੍ਰਾਪਤੀ ਲਈ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਹਰ ਸਾਲ ਦੀ ਤਰ੍ਹਾਂ ਗਰਮ ਜਰਸੀਆਂ ਭੇਂਟ ਕੀਤੀਆਂ।
ਸਭਾ ਦੇ ਪ੍ਰਧਾਨ ਨਿਰਮਲ ਸਿੰਘ ਕਲਸੀ ਨੇ ਦੱਸਿਆ ਕਿ ਉਨ੍ਹਾਂ ਦੀ ਸਭਾ ਵੱਲੋਂ ਹੋਰ ਸਕੂਲਾਂ ਵਿੱਚ ਵੀ ਜਰਸੀਆਂ ਅਤੇ ਬੂਟ ਵੀ ਜ਼ਰੂਰਤਮੰਦ ਬੱਚਿਆਂ ਨੂੰ ਭੇਂਟ ਕੀਤੇ ਗਏ ਹਨ। ਸਭਾ ਦੇ ਸਕੱਤਰ ਰਿਟ ਲੈਕਚਰਾਰ ਗੁਰਮੁਖ ਸਿੰਘ ਅਤੇ ਕੌਂਸਲਰ ਬਹਾਦਰ ਸਿੰਘ ਓ ਕੇ ਨੇ ਵਿਦਿਆਰਥਣਾਂ ਨੂੰਸੰਬੋਧਨ ਕਰਦੇ ਹੋਏ ਕਿਹਾ ਕਿ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਹੀ ਜ਼ਿੰਦਗੀ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ 'ਤੇ ਪਹੁੰਚਾ ਸਕਦਾ ਹੈ ਇਸ ਲਈ ਮਹਾਨ ਬਣਨ ਲਈ ਸਮਾਜਿਕ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਣਾਂ ਬਹੁਤ ਜ਼ਰੂਰੀ ਹੈ।
ਸਕੂਲ ਵੱਲੋਂ ਹਰ ਸਾਲ ਵਧੀਆ ਨਤੀਜੇ ਦੇਣ ਲਈ ਉਨ੍ਹਾਂ ਪ੍ਰਿੰਸੀਪਲ ਚਰਨਜੀਤ ਕੌਰ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਸਭਾ ਦੇ ਚੇਅਰਮੈਨ ਜਸਵਿੰਦਰ ਸਿੰਘਗੋਲਡੀ, ਉਪ ਚੇਅਰਮੈਨ ਹਰਨੇਕ ਸਿੰਘ, ਲੈਕਚਰਾਰ ਰੂਪਾ, ਸ਼ਿਵ ਕੁਮਾਰ, ਹਰਪਾਲ ਸਿੰਘ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।