ਕੁਰਾਲੀ : ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਸ੍ਰੀ ਗੜ੍ਹ ਭੋਰਖਾ ਸਾਹਿਬ ( ਬਲਾਕ ਮਾਜਰੀ) ਵਿਖੇ ਸੱਦਿਆ ਗਿਆ। ਇਹ ਇਜਲਾਸ ਮੀਟਿੰਗ ਖ਼ਰੜ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਦੀ ਅਗਵਾਈ 'ਚ ਕਰਵਾਇਆ ਗਿਆ। ਇਸ ਮੌਕੇ ਪਾਰਟੀ ਦੇ ਅਬਜ਼ਰਵਰ ਚਰਨਜੀਤ ਸਿੰਘ ਅਟਵਾਲ ਤੇ ਚਰਨਜੀਤ ਸਿੰਘ ਬਰਾੜ ਨੇ ਸਹਾਇਕ ਅਬਜ਼ਰਵਰ ਵੱਜੋਂ ਸ਼ਾਮਲ ਹੋਏ।
ਇਸ ਮੀਟਿੰਗ ਦੌਰਾਨ ਰਣਜੀਤ ਸਿੰਘ ਗਿੱਲ ਵੱਲੋਂ ਹਲਕਾ ਖਰੜ ਦੇ ਨਵੇਂ ਡੈਲੀਗੇਟਸ ਦੀਆਂ ਲਿਸਟ ਕਾਪੀਆਂ ਸਮੇਤ ਚਰਨਜੀਤ ਸਿੰਘ ਅੱਟਵਾਲ ਅਤੇ ਚਰਨਜੀਤ ਸਿੰਘ ਬਰਾੜ ਨੂੰ ਸੌਂਪੀਆਂ ਗਈਆ।
ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਡੈਲੀਗੇਟ ਦੀ ਚੋਣਾਂ ਸਬੰਧੀ ਵਰਕਰਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚਲਦੇ ਪਾਰਟੀ ਵਰਕਰ ਉਮੀਦ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਨ 'ਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਮੁਤਾਬਕ ਬਿਨ੍ਹਾਂ ਕਿਸੇ ਸਿਫਾਰਸ਼ ਅਤੇ ਭੇਦ-ਭਾਵ ਤੋਂ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਹੀ ਸਰਕਲ, ਜ਼ਿਲ੍ਹਾ ਡੈਲੀਗੇਟ ਦੇ ਅਹੁਦੇ ਦਿੱਤੇ ਜਾਣਗੇ। ਅਟਵਾਲ ਨੇ ਕਿਹਾ ਕਿ ਜੇਕਰ ਫਿਰ ਵੀ ਕਿਸੇ ਵਰਕਰ ਦੇ ਮਨ ਵਿੱਚ ਕੋਈ ਸ਼ੰਕਾ ਰਹਿੰਦੀ ਹੈ ਤਾਂ ਉਹ ਦਫ਼ਤਰ ‘ਚ ਆ ਕੇ ਆਪ ਚੈੱਕ ਕਰ ਸਕਦਾ ਹੈ।
ਚਰਨਜੀਤ ਅਟਵਾਲ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੇ ਮਹਿਜ ਢਾਈ ਸਾਲਾਂ 'ਚ ਸੂਬੇ ਆਰਥਿਕ ਹਲਾਤ ਖ਼ਰਾਬ ਕਰ ਦਿੱਤੇ ਹਨ। ਅਜਿਹਾ ਪਿਛਲੇ 72 ਸਾਲਾਂ ਦੌਰਾਨ ਵੀ ਨਹੀਂ ਹੋਇਆ ਹੋਵੇਗਾ। ਉਨ੍ਹਾਂ ਸੂਬੇ 'ਚ ਜੰਗਲ ਰਾਜ ਚੱਲਣ ਅਤੇ ਅਪਰਾਧਕ ਮਾਮਲੇ ਵੱਧਣ ਦੀ ਗੱਲ ਆਖੀ।
ਇਸ ਮੌਕੇ ਸਹਾਇਕ ਅਬਜ਼ਰਵਰ ਚਰਨਜੀਤ ਬਰਾੜ ਨੇ ਦੱਸਿਆ ਕਿ ਡੈਲੀਗੇਟਾਂ ਦੀ ਚੋਣ ਪਾਰਟੀ ਦੇ ਸੀਨੀਅਰ ਆਗੂਆਂ ਦੀ ਨਿਗਰਾਨੀ ਹੇਠ ਹੋਵੇਗੀ। ਉਨ੍ਹਾਂ ਦੱਸਿਆ ਕਿ ਚੁਣੇ ਹੋਏ ਜ਼ਿਲ੍ਹਾ ਡੈਲੀਗੇਟਾਂ ਵੱਲੋਂ ਸੂਬਾ ਡੈਲੀਗੇਟ ਦੀ ਚੋਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਤੀ ਜਾਵੇਗੀ। ਜਿੱਥੇ ਸਭ ਤੋਂ ਪਹਿਲਾਂ ਪਾਰਟੀ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ 12 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਜਾਵੇਗਾ ਅਤੇ ਉੱਥੇ ਹੀ ਰਹਿੰਦਿਆਂ ਸੇਵਾ ਕਰਦਿਆਂ 14 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਤੋਂ ਉਪਰੰਤ ਇਨ੍ਹਾਂ ਨਵੇਂ ਚੁਣੇ ਗਏ ਜਿਲ੍ਹਾ ਡੈਲੀਗੇਟਾਂ ਵਲੋਂ ਸੂਬਾ ਡੈਲੀਗੇਟ ਦੀ ਚੋਣ ਕੀਤੀ ਜਾਵੇਗੀ।
ਹੋਰ ਪੜ੍ਹੋ : ਆਖ਼ਰ ਪ੍ਰਸ਼ਾਸਨ ਨੇ ਲਈ ਫੱਟੜ ਕੌਮਾਂਤਰੀ ਖਿਡਾਰੀ ਦੀ ਸਾਰ
ਇਸ ਮੌਕੇ ਰਣਜੀਤ ਸਿੰਘ ਗਿੱਲ ਨੇ ਆਏ ਸਮੂਹ ਆਗੂਆਂ ਅਤੇ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਉਨ੍ਹਾਂ ਦੇ ਕੀਤੇ ਕੰਮਾਂ ਨੂੰ ਦੇਖ ਕੇ ਪਾਰਟੀ ਵੱਲੋਂ ਹੋਰਨਾਂ ਅਹੁਦੇ ਦਿੱਤੇ ਜਾਣਗੇ।