ਮੋਹਾਲੀ: ਪੰਜਾਬ ਦੀ ਸਿਆਸਤ ਦੇ ਵਿੱਚ ਭੂਚਾਲ ਲਿਆਉਣ ਵਾਲੇ ਆਮ ਆਦਮੀ ਪਾਰਟੀ ਦੇ ਆਕਸੀ ਮੀਟਰ ਲੋਕਾਂ ਤੱਕ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਸੀਹਤ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਵਰਕਰ ਪਿੰਡ, ਸ਼ਹਿਰ ਅਤੇ ਮੁਹੱਲਿਆਂ 'ਚ ਜਾ ਕੇ ਆਕਸੀਜ਼ਨ ਲੈਵਲ ਚੈੱਕ ਕਰਨ ਦੇ ਕੈਂਪ ਲਗਾ ਰਹੇ ਹਨ। ਇਸੇ ਤਹਿਤ ਆਪ ਵਰਕਰਾਂ ਨੇ ਮੋਹਾਲੀ ਵਿਖੇ ਫੇਸ-4 ਦੀ ਮਾਰਕੀਟ 'ਚ ਕੈਂਪ ਲਗਾ ਕੇ ਆਕਸੀ ਮੀਟਰਾਂ ਰਾਹੀਂ ਆਉਣ ਜਾਣ ਵਾਲੇ ਲੋਕਾਂ ਦਾ ਆਕਸੀਜ਼ਨ ਲੈਵਲ ਚੈਂਕ ਕੀਤਾ।
ਇਸ ਮੌਕੇ ਈਟੀਵੀ ਭਾਰਤ ਦੀ ਟੀਮ ਨੇ ਆਕਸੀਜ਼ਨ ਲੈਵਲ ਚੈਕ ਕਰਵਾਉਣ ਆਏ ਅਤੇ ਆਪ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਇਨ੍ਹਾਂ ਆਕਸੀ ਮੀਟਰਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਇਹ ਵਧੀਆ ਉਪਰਾਲਾ ਹੈ।
ਲੋਕਾਂ ਨੇ ਕਿਹਾ ਕਿ ਅਜਿਹੀ ਜਾਂਚ ਦੇ ਨਾਲ ਉਨ੍ਹਾਂ ਨੂੰ ਫਾਇਦਾ ਹੈ ਅਤੇ ਇਸ ਦੇ ਨਾਲ ਉਨ੍ਹਾਂ ਨੂੰ ਇਹ ਵੀ ਪਤਾ ਲੱਗ ਰਿਹਾ ਕਿ ਉਨ੍ਹਾਂ ਦਾ ਆਕਸੀਜ਼ਨ ਲੈਵਲ ਤੇ ਦਿਲ ਦੀ ਧੜਕਣ ਕਿੰਨੀ ਹੈ।
ਉੱਥੇ ਹੀ ਦੁਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰ ਗੁਰਤੇਜ਼ ਸਿੰਘ ਪੰਨੂ ਨੇ ਕਿਹਾ ਕਿ ਉਨ੍ਹਾਂ ਦੇ ਹਰ ਇੱਕ ਵਰਕਰ ਵੱਲੋਂ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਇਹ ਮੁਹਿੰਮ ਚਲਾਈ ਜਾਵੇਗੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਪੰਨੂ ਨੇ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਦੀ ਇਸ ਆਕਸੀ ਮੀਟਰ ਮੁਹਿੰਮ ਤੋਂ ਪ੍ਰੇਸ਼ਾਨੀ ਹੈ ਤਾਂ ਉਹ ਲਿਖਤੀ ਰੂਪ ਵਿੱਚ ਦੇਣ ਕੀ ਇਨ੍ਹਾਂ ਆਕਸੀ ਮੀਟਰ ਨਾਲ ਕੋਰੋਨਾ ਵਾਇਰਸ ਫੈਲਦਾ ਹੈ।