ਮੋਹਾਲੀ: ਕੁਰਾਲੀ ਕਮਿਊਨਿਟੀ ਹੈਲਥ ਸੈਂਟਰ ਨੂੰ ਸਿਵਲ ਹਸਪਤਾਲ ਬਣਾਉਣ ਦੀ ਮੰਗ ਨੂੰ ਲੈਕੇ ਮਾਰਸ਼ਲ ਗਰੁੱਪ ਵਲੋਂ ਸ਼ੁਰੂ ਕੀਤਾ ਧਰਨਾ ਅਤੇ ਭੁੱਖ ਹੜਤਾਲ 16ਵੇਂ ਦਿਨ ਵੀ ਜਾਰੀ ਰਹੀ। ਇਸ ਤੋਂ ਬਾਅਦ ਧਰਨਾਕਾਰੀਆਂ ਦੀਆਂ ਮੰਗਾਂ ਜਾਨਣ ਲਈ ਐਸ.ਡੀ.ਐਮ ਹਿਮਾਂਸ਼ੂ ਜੈਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਸਬੰਧੀ ਮਾਰਸ਼ਲ ਗਰੁੱਪ ਦਾ ਵਫ਼ਦ ਵੀ ਉਨ੍ਹਾਂ ਨੂੰ ਮਿਲਿਆ ਅਤੇ ਹਸਪਤਾਲ 'ਚ ਆ ਰਹੀਆਂ ਸਮੱਸਿਆਵਾਂ ਸਬੰਧੀ ਉਨ੍ਹਾਂ ਨੂੰ ਜਾਣੂ ਕਰਵਾਇਆ।
ਇਸ ਸਬੰਧੀ ਨੌਜਵਾਨ ਆਗੂ ਰਣਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ 'ਚ ਨਾ ਤਾਂ ਡਾਇਲਸਿਸ ਦੀ ਮਸ਼ੀਨ ਹੈ, ਨਾ ਹੀ ਅਲਟਰਾਸਾਊਂਡ ਦੀ ਮਸ਼ੀਨ ਤੇ ਰੇਡੀਓਲੋਜਿਸਟ ਹੈ| ਉਨ੍ਹਾਂ ਕਿਹਾ ਕਿ ਹਸਪਤਾਲ 'ਚ ਆਰਜੀ ਤੌਰ 'ਤੇ ਸਰਜਨ ਡਾਕਟਰ 2 ਦਿਨ ਲਈ ਆਉਂਦੇ ਹਨ ਪਰ ਹੁਣ ਤੱਕ ਢਿੱਡ ਜਾਂ ਹੋਰ ਬਿਮਾਰੀਆਂ ਦੇ ਇਲਾਜ਼ ਲਈ ਕੁਝ ਨਹੀਂ ਹੋ ਰਿਹਾ| ਇਸੇ ਤਰ੍ਹਾਂ ਰੈਡ ਕ੍ਰਾਸ ਦੀ ਦਵਾਈਆਂ ਵਾਲੀ ਦੁਕਾਨ ਬੰਦ ਹੋਣ ਕਾਰਨ ਬਾਹਰ ਮਹਿੰਗੇ ਭਾਅ 'ਚ ਦਵਾਈਆਂ ਖਰੀਦਣ ਲਈ ਮਜਬੂਰ ਹਨ| ਉਨ੍ਹਾਂ ਮੰਗ ਕੀਤੀ ਕਿ ਜਨ ਔਸ਼ਧੀ ਸੈਂਟਰ ਜਲਦ ਤੋਂ ਜਲਦ ਖੋਲਿਆ ਜਾਵੇ ਅਤੇ ਹਸਪਤਾਲ 'ਚ ਡਾਕਟਰ ਪੱਕੀਆਂ ਪੋਸਟਾਂ ਦੇ ਨਾਲ ਭਰਤੀ ਕੀਤੇ ਜਾਣੇ ਚਾਹੀਦੇ ਹਨ |
ਇਸ ਮੌਕੇ ਉਨ੍ਹਾਂ ਇਹ ਵੀ ਮੰਗ ਰੱਖੀ ਗਈ ਕਿ ਜੋ ਐਮ.ਪੀ ਮੁਨੀਸ਼ ਤਿਵਾੜੀ ਨੇ ਟ੍ਰਾਮਾ ਸੈਂਟਰ ਬਣਾਉਣ ਲਈ ਜੋ ਫਾਈਲ ਪ੍ਰਿੰਸੀਪਲ ਸੈਕਟਰੀ ਹੈਲਥ ਨੂੰ ਦਿੱਤੀ ਹੋਈ ਹੈ, ਉਸ ਨੂੰ ਇੰਨ-ਬਿੰਨ ਲਾਗੂ ਕੀਤੀ ਜਾਵੇ | ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਗਈ ਕਿ ਜੋ ਵਾਰਡ ਨ. 11 'ਚ ਆਯੁਰਵੈਦਿਕ ਡਿਸਪੈਂਸਰੀ ਵਾਲੀ ਥਾਂ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ , ਉਸ ਜਗ੍ਹਾ ਨੂੰ ਕਮਿਊਨਟੀ ਸੈਂਟਰ ਜਾਂ ਛੋਟੇ ਪਾਰਕਾਂ 'ਚ ਤਬਦੀਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ | ਇਸ ਮੌਕੇ ਮਾਰਸ਼ਲ ਗਰੁੱਪ ਨੇ ਐਸ ਡੀ ਐਮ ਹਿਮਾਂਸ਼ੂ ਜੈਨ ਨੂੰ ਜਾਣੂ ਕਰਵਾਇਆ ਕਿ ਜਿਸ ਸਥਾਨ 'ਤੇ ਕਮਿਊਨਿਟੀ ਸੈਂਟਰ ਬਣਿਆ ਹੈ ਉਹ ਕੁਰਾਲੀ ਵਾਸੀਆਂ ਵੱਲੋਂ ਥਾਂ ਹਸਪਤਾਲ ਲਈ ਸਵਾਮੀ ਨਦੀਪਰ ਵਾਲੀਆਂ ਦੀ ਪ੍ਰੇਰਨਾ ਨਾਲ ਦਾਨ ਕੀਤੀ ਗਈ ਸੀ ਤੇ ਸੰਤ ਅਜੀਤ ਸਿੰਘ ਹੰਸਾਲੀ ਵਾਲੀਆਂ ਨੇ ਬੇਅੰਤ ਮਾਇਆ ਇਸ ਸਾਂਝੇ ਕਾਰਜ ਲਈ ਦਿੱਤੀ ਸੀ|
ਇਸ ਸਬੰਧੀ ਐਸ.ਡੀ.ਐਮ ਹਿਮਾਂਸ਼ੂ ਜੈਨ ਦਾ ਕਹਿਣਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਬੰਧਿਤ ਵਿਭਾਗ ਤੱਕ ਪਹੁੰਚਾ ਦਿੱਤਾ ਜਾਵੇਗਾ ਤੇ ਜਲਦ ਹੀ ਇਨ੍ਹਾਂ ਨੂੰ ਅਮਲੀ ਜਾਮਾ ਵੀ ਪਹਿਨਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਭੁੱਖ ਹੜਤਾਲ 'ਤੇ ਬੈਠੇ ਲੋਕਾਂ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਤਾਂ ਲੋਕਾਂ ਦਾ ਕਹਿਣਾ ਕਿ ਮੰਗਾਂ ਪੂਰੀਆਂ ਹੋਣ ਤੱਕ ਭੁੱਖ ਹੜਤਾਲ ਨਿਰੰਤਰ ਚੱਲਦਦੀ ਰਹੇਗੀ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸੱਤ ਦਿਨਾਂ 'ਚ ਸਿਹਤ ਸਹੂਲਤਾਂ ਲਾਗੂ ਨਾ ਹੋਈਆਂ ਤਾਂ ਫਿਰ ਰਣਨੀਤੀ ਤਿਆਰ ਕਰਕੇ ਸਰਕਾਰ ਦੀ ਘੇਰਾਬੰਦੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:81% ਨਵੇਂ ਕੋਰੋਨਾ ਸਟ੍ਰੇਨ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਸਿਹਤ ਮੰਤਰੀ ਵੱਲੋਂ ਸਖਤੀ ਦੇ ਸੰਕੇਤ