ਮੁਹਾਲੀ: ਜ਼ਿਲ੍ਹੇ ਦੀ ਪੁਲਿਸ ਨੇ ਨਸ਼ਿਆਂ ਦੇ ਵੱਡੇ ਤਸਕਰ ਬਲਵਿੰਦਰ ਸਿੰਘ ਉਰਫ਼ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਬਿੱਲੇ ਕੋਲੋਂ ਪੁਲਿਸ ਨੇ 750 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਕੌਮਾਂਤਰੀ ਬਜਾਰ ਵਿੱਚ ਕਰੋੜਾਂ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਬਲਵਿੰਦਰ ਮਾਝੇ ਦਾ ਰਹਿਣ ਵਾਲਾ ਹੈ ਜਿਸ ਦੀ ਉਮਰ 50 ਸਾਲ ਹੈ। ਬਿੱਲੇ 'ਤੇ ਹੁਣ ਤੱਕ ਤਸਕਰੀ ਦੇ 15 ਕੇਸ ਦਰਜ ਹਨ। ਜਾਣਕਾਰੀ ਮੁਤਾਬਕ ਬਿੱਲਾ ਮੁਹਾਲੀ ਵਿੱਚ ਨਸ਼ੇ ਦੀ ਡਿਲੀਵਰੀ ਕਰਨ ਆਇਆ ਹੋਇਆ ਸੀ, ਜਿਥੇ ਗੁਪਤ ਸੁਚਨਾ ਦੇ ਅਧਾਰ 'ਤੇ ਪੁਲਿਸ ਨੇ ਉਸ ਨੂੰ 750 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।
ਐੱਸ.ਐੱਸ.ਪੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਬਲਵਿੰਦਰ ਸਿੰਘ ਬਿੱਲਾ ਹਵੇਲੀਆਂ ਪਿੰਡ ਤੋਂ ਆਪਣਾ ਕਾਰੋਬਾਰ ਚਲਾਉਂਦਾ ਸੀ। ਬਲਵਿੰਦਰ ਲੰਮੇ ਸਮੇਂ ਤੋਂ ਪਾਕਿਸਤਾਨ ਤੋਂ ਨਸ਼ਾ ਲਿਆ ਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੇਚਦਾ ਰਿਹਾ ਸੀ। ਬਲਵਿੰਦਰ ਵਿਰੁੱਧ ਪਹਿਲਾਂ ਤੋਂ ਹੀ 14 ਪਰਚੇ ਦਰਜ ਸਨ। ਬਲਵਿੰਦਰ ਪੂਰੇ ਪੰਜਾਬ ਵਿੱਚ ਨਸ਼ਾ ਤਸਕਰੀ ਕਰਦਾ ਸੀ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਨੇ ਅੰਮ੍ਰਿਤਸਰ, ਜਲੰਧਰ ਤੇ ਝੰਜੇੜੀ ਨੇੜੇ ਕਾਫੀ ਜ਼ਮੀਨ ਵੀ ਖਰੀਦੀ ਹੋਈ ਹੈ।
ਇਸੇ ਦੌਰਾਨ ਐੱਸ.ਐੱਸ.ਪੀ ਨੇ ਇਹ ਵੀ ਦੱਸਿਆ ਕਿ ਬਲਵਿੰਦਰ ਦੇ ਤਾਰ ਅੰਮ੍ਰਿਤਸਰ ਦੇ 532 ਕਿੱਲੋ ਹੈਰੋਇਨ ਦੇ ਮਾਮਲੇ ਵਿੱਚ ਵੀ ਜੁੜ ਸਕਦੇ ਹਨ। ਕਿਉਂਕਿ 532 ਕਿੱਲੋ ਹੈਰੋਇਨ ਨੂੰ ਲੂਣ ਵਿੱਚ ਲੁਕਾ ਕੇ ਪਾਕਿਸਤਾਨ ਤੋਂ ਮੰਗਵਾਉਣ ਵਾਲਾ ਰਣਜੀਤ ਸਿੰਘ ਰਾਣਾ ਬਿੱਲੇ ਦੇ ਗੁਆਂਢ ਪਿੰਡ ਦਾ ਹੀ ਰਹਿਣ ਵਾਲਾ ਹੈ। ਪੁਲਿਸ ਅਗੇ ਦੀ ਤਫਤੀਸ ਕਰ ਰਹੀ ਹੈ ਤਾਂ ਜੋ ਇਸ ਕੇਸ ਦੇ ਵਿੱਚ ਹੋਰ ਜਾਣਕਾਰੀ ਮਿਲ ਸਕੇ।