ਲੁਧਿਆਣਾ: ਪਿਆਰ ਦੀਆਂ ਕਹਾਣੀਆਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਪਰ ਅੱਜ ਤੁਹਾਨੂੰ ਇੱਕ ਅਜਿਹੀ ਪਿਆਰ ਦੀ ਕਹਾਣੀ ਬਾਰੇ ਦੱਸਾਂਗੇ ਜਿਸ ਨੂੰ ਸੁਣ ਕੇ ਕਹਿਣ ਨੂੰ ਮਜ਼ਬੂਰ ਹੋ ਜਾਵੋਗੇ ਕਿ ਪਿਆਰ ਹੋਵੇ ਤਾਂ ਅਜਿਹਾ ਹੋਵੇ। ਕੌਰ ਸਿੰਘ ਅਤੇ ਰਾਜਦੀਪ ਕੌਰ ਨੇ ਪਿਆਰ ਦੀ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਇਸੇ ਪਿਆਰ ਕਾਰਨ ਉਨ੍ਹਾਂ ਦੇ ਹਰ ਪਾਸੇ ਚਰਚੇ ਹੋ ਰਹੇ ਹਨ।
ਕਿਵੇਂ ਸ਼ੁਰੂ ਹੋਈ ਲਵ ਸੋਟਰੀ
ਦਰਅਸਲ ਪਿਆਰ ਸਾਰੀਆਂ ਹੱਦਾਂ-ਸਰਹੱਦਾਂ ਤੋਂ ਪਰੇ ਹੁੰਦਾ। ਕੋਈ ਮੋਹ, ਲਾਭ, ਹੰਕਾਰ ਇਸ ਦੇ ਸਾਹਮਣੇ ਨਹੀਂ ਆ ਸਕਦਾ। ਇਸੇ ਲਈ ਤਾਂ ਪਿਆਰ ਦੀ ਭਾਸ਼ਾ ਨੂੰ ਸਿਰਫ਼ ਪਿਆਰ ਕਰਨ ਵਾਲਾ ਹੀ ਸਮਝ ਸਕਦਾ ਹੈ। ਇਸੇ ਭਾਸ਼ਾ ਨੂੰ ਕੌਰ ਸਿੰਘ ਅਤੇ ਰਾਜਦੀਪ ਨੇ ਬਾਖੂਬੀ ਸਮਝਿਆ ਹੀ ਨਹੀਂ ਬਲਕਿ ਨਿਭਾਇਆ ਵੀ ਹੈ। ਬੇਸ਼ੱਕ ਇੰਨ੍ਹਾਂ ਦੇ ਵਿਆਹ ਨੂੰ 3 ਸਾਲ ਹੋ ਚੁੱਕੇ ਹਨ ਪਰ ਰਾਜਦੀਪ ਦੇ ਪਿਆਰ ਅਤੇ ਸੇਵਾ ਦੀ ਭਾਵਨਾ 'ਚ ਕੋਈ ਵੀ ਕਮੀ ਨਹੀਂ ਆਈ। ਦੂਜੇ ਪਾਸੇ ਕੌਰ ਸਿੰਘ ਵੱਲੋਂ ਪਹਿਲੀ ਮੁਲਾਕਾਤ ਤੋਂ ਲੈ ਕੇ ਅੱਜ ਤੱਕ ਰਾਜਦੀਪ ਨੂੰ ਕਿਸੇ ਵੀ ਕਿਸਮ ਦੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਦੋਵਾਂ ਦਾ ਪਿਆਰ ਅਤੇ ਇੱਕ ਦੂਜੇ ਲਈ ਇੱਜ਼ਤ ਅੱਜ ਵੀ ਬਰਕਾਰ ਹੈ। ਇਹਨਾਂ ਦੋਵਾਂ ਦੇ ਵਿਚਕਾਰ ਇਹ ਪਿਆਰ ਉਨ੍ਹਾਂ ਨੌਜਵਾਨਾਂ ਦੇ ਲਈ ਵੱਡੀ ਉਦਾਹਰਣ ਹੈ ਜੋ ਰੀਲ ਲਾਈਫ ਵਿੱਚ ਉਲਝ ਕੇ ਰਹਿ ਗਏ ਹਨ।
![LOVE STORY OF SINGH AND KAUR](https://etvbharatimages.akamaized.net/etvbharat/prod-images/13-02-2025/23527555__thumbnail_16x9_alopopottbqy.png)
"ਰਾਜਦੀਪ ਕੌਰ 'ਚ ਸੇਵਾ ਭਾਵਨਾ ਦੇਖ ਕੇ ਮੇਰੇ ਮਨ 'ਚ ਖਿਆਲ ਜ਼ਰੂਰ ਆਇਆ ਸੀ ਕਿ ਇਹ ਕੁੜੀ ਕਿੰਝ ਨਿਰ-ਸਵਾਰਥ ਹੋ ਕੇ ਲੋਕਾਂ ਦੀ ਸੇਵਾ ਕਰਦੀ ਹੈ। ਇਸੇ ਸਮਾਜ ਸੇਵਾ ਦੌਰਾਨ ਮੇਰੀ ਅਤੇ ਰਾਜਦੀਪ ਕੌਰ ਦੀ ਮੁਲਾਕਾਤ ਹੋਈ। ਦਰਅਸਲ ਮੈਂ ਖੁਦ ਅੰਗਹੀਣ ਹਾਂ ਇਸੇ ਕਾਰਨ ਦੂਜਿਆਂ ਦਾ ਦਰਦ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ਹਾਂ। ਇੱਕ ਵਾਰ ਰਾਜਦੀਪ ਕੌਰ ਦੇ ਮਾਤਾ ਜੀ ਬਿਮਾਰ ਹੋਏ, ਕੋਈ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ, ਇਸੇ ਸਮੇਂ ਮੈਂ ਬਿਨਾਂ ਕਿਸੇ ਸਵਾਰਥ ਦੇ ਅੱਗੇ ਆ ਕੇ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ। ਇਸ ਦੌਰਾਨ ਸਾਡੇ ਦੋਵਾਂ ਪਰਿਵਾਰਾਂ ਦੀ ਮੁਲਾਕਾਤ ਹੋਈ, ਸਾਨੂੰ ਪਿਆਰ ਹੋਇਆ ਅਤੇ ਅਸੀਂ ਵਿਆਹ ਦੇ ਬਧੰਨ 'ਚ ਬੱਝ ਗਏ।" - ਕੌਰ ਸਿੰਘ, ਸਮਾਜ ਸੇਵੀ
ਰਿਸ਼ਤੇਦਾਰਾਂ ਨੇ ਸਾਥ ਛੱਡ ਦਿੱਤਾ
"ਸਾਡੇ ਵਿਆਹ ਤੋਂ ਬਾਅਦ ਲੋਕਾਂ ਨੇ ਬਹੁਤ ਮਿਹਣੇ ਮਾਰੇ। ਮੇਰੇ ਰਿਸ਼ਤੇਦਾਰਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਕੌਰ ਸਿੰਘ ਨਾਲ ਰਿਸ਼ਤਾ ਖ਼ਤਮ ਕਰ ਦੇ, ਉਹ ਉਸ ਦਾ ਵਿਆਹ ਕਿਸੇ ਹੋਰ ਥਾਂ ਕਰਵਾ ਦੇਣਗੇ। ਜਦੋਂ ਮੈਂ ਆਪਣੇ ਪਤੀ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਤਾਂ ਰਿਸ਼ਤੇਦਾਰਾਂ ਨੇ ਸਾਡਾ ਸਾਥ ਛੱਡ ਦਿੱਤਾ ਪਰ ਮੈਂ ਕੌਰ ਸਿੰਘ ਦਾ ਸਾਥ ਨਹੀਂ ਛੱਡਿਆ ਕਿਉਂ ਸਾਡਾ ਪਿਆਰ ਸੱਚਾ ਅਤੇ ਪਾਕ ਸੀ। ਅਸੀਂ ਇੱਕ ਦੂਜੇ ਦਾ ਹੱਥ ਛੱਡਣ ਲਈ ਨਹੀਂ ਫੜਿਆ ਸੀ ਬਲਕਿ ਜਨਮਾਂ-ਜਨਮਾਂ ਦਾ ਸਾਥ ਦੇਣ ਲਈ ਫੜਿਆ ਸੀ। ਵਿਆਹ ਦੇ 3 ਸਾਲ ਬਾਅਦ ਵੀ ਸਾਡੇ 'ਚ ਪਿਆਰ ਅਤੇ ਸਤਿਕਾਰ ਇੰਨ੍ਹਾਂ ਜਿਆਦਾ ਹੈ ਕਿ ਅਸੀਂ ਇੱਕ ਦੂਜੇ ਦਾ ਸਹਾਰਾ ਨਹੀਂ ਸਗੋਂ ਸਾਥੀ ਬਣ ਕੇ ਆਪਣੀ ਸਮਾਂ ਬਤੀਤ ਕਰ ਰਹੇ ਹਾਂ।" - ਰਾਜਦੀਪ ਕੌਰ, ਕੌਰ ਸਿੰਘ ਦੀ ਪਤਨੀ
ਨੈਸ਼ਨਲ ਖਿਡਾਰੀ ਰਹਿ ਚੁੱਕੇ ਹਨ ਕੌਰ ਸਿੰਘ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੌਰ ਸਿੰਘ ਅੰਗਹੀਣ ਹੁੰਦੇ ਹੋਏ ਵੀ ਨੈਸ਼ਨਲ ਪੱਧਰ ਦੇ ਖਿਡਾਰੀ ਰਹਿ ਚੁੱਕੇ ਹਨ। ਉਨ੍ਹਾਂ ਨੇ ਕਦੇ ਵੀ ਆਪਣੀ ਸਰੀਰਕ ਕਮਜ਼ੋਰੀ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿੱਤਾ। ਇਸ ਜ਼ਿੰਦਾ ਦਿਲ ਵਿਅਕਤੀ ਨੇ ਉਨ੍ਹਾਂ ਲੋਕਾਂ ਲਈ ਆਵਾਜ਼ ਚੁੱਕੀ ਜਿੰਨ੍ਹਾਂ ਨੂੰ ਸਮਾਜ ਵੱਲੋਂ ਨਕਾਰਿਆ ਗਿਆ। ਕੌਰ ਸਿੰਘ ਹੁਣ ਤੱਕ ਸੈਂਕੜੇ ਅੰਗਹੀਣਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾ ਕੇ ਉਨ੍ਹਾਂ ਦੀ ਮਦਦ ਕਰ ਚੁੱਕੇ ਹਨ।
![LOVE STORY OF SINGH AND KAUR](https://etvbharatimages.akamaized.net/etvbharat/prod-images/13-02-2025/23527555__thumbnail_16x9_alopopottbqq.png)
ਮਾਂ ਨੇ ਇਸ ਮੁਕਾਮ ਤੱਕ ਪਹੁੰਚਾਇਆ
ਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਕਦੇ ਵੀ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਅੰਗਹੀਣ ਹੈ। ਮੈਨੂੰ ਹਰ ਕੰਮ ਖੁਦ ਕਰਨਾ ਸਿਖਾਇਆ। ਅੱਜ ਉਹ ਆਪਣੀ ਮਾਂ ਕਰਕੇ ਹੀ ਇਸ ਮੁਕਾਮ 'ਤੇ ਪਹੁੰਚ ਸਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਪਤਨੀ ਉਸ ਦੀਆਂ ਲੱਤਾਂ ਬਣ ਕੇ ਹਰ ਉਸ ਥਾਂ ਪਹੁੰਚ ਜਾਂਦੀ ਹੈ ਜਿੱਥੇ ਉਹ ਖੁਦ ਨਹੀਂ ਪਹੁੰਚ ਸਕਦਾ। ਕਾਬਲੇਜ਼ਿਕਰ ਹੈ ਕਿ ਕੌਰ ਸਿੰਘ ਦੇ ਦਾਦਾ ਜੀ ਬ੍ਰਿਟਿਸ਼ ਆਰਮੀ ਵਿੱਚ ਸਨ ਫਿਰ ਉਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਕਮਾਂਡੋ ਰਹੇ। ਕੌਰ ਸਿੰਘ ਵਿੱਚ ਵੀ ਦੇਸ਼ ਦੀ ਸੇਵਾ ਕਰਨ ਲਈ ਭਾਵਨਾ ਸੀ ਪਰ ਅੰਗਹੀਣਤਾ ਕਰਕੇ ਉਹ ਫੌਜ ਵਿੱਚ ਨਹੀਂ ਜਾ ਸਕੇ। ਜਿਸ ਕਰਕੇ ਉਨ੍ਹਾਂ ਨੇ ਸ਼ੂਟਿੰਗ ਵਿੱਚ ਆਪਣੇ ਹੱਥ ਅਜ਼ਮਾਏ ਅਤੇ ਚੰਗੇ ਮੈਡਲ ਵੀ ਹਾਸਿਲ ਕੀਤੇ। ਇਸੇ ਸੇਵਾ ਭਾਵਨਾ ਕਾਰਨ ਹੀ ਅੱਜ ਕੌਰ ਸਿੰਘ ਅਤੇ ਰਾਜਦੀਪ ਕੌਰ ਇੱਕਠੇ ਹਨ ਅਤੇ ਹਰ ਕੋਈ ਉਨ੍ਹਾਂ ਨੇ ਪਿਆਰ ਦੀ ਮਿਸਾਲ ਦੇ ਰਿਹਾ ਹੈ।
![LOVE STORY OF SINGH AND KAUR](https://etvbharatimages.akamaized.net/etvbharat/prod-images/13-02-2025/23527555__thumbnail_16x9_alopopottbq.png)