ਮੋਹਾਲੀ: ਪੰਜਾਬ ਵਿੱਚ ਪਾਣੀ ਤੋਂ ਕੈਂਸਰ ਫੈਲ ਰਿਹਾ ਹੈ। ਇਸ ਮੌਕੇ ਰਿਟਾਇਰਡ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਸਭ ਤੋਂ ਵੱਧ ਕਿਸਾਨੀ ਕਰਕੇ ਪੰਜਾਬ ਵਿੱਚ ਕੈਂਸਰ ਫੈਲ ਰਿਹਾ ਹੈ ਤਾਂ ਇਸ ਨੂੰ ਖ਼ਤਮ ਕਰਨ ਲਈ ਸਮਾਰਟਫੋਨ ਨਹੀਂ ਸਮਾਰਟ ਕਿਸਾਨ ਦੀ ਜ਼ਰੂਰਤ ਹੈ।
ਵਿਸ਼ਵ ਕੈਂਸਰ ਦਿਵਸ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦੀ ਜਾਗਰੂਕਤਾ ਸਬੰਧੀ ਰਿਟਾਇਰ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨਾਲ ਖਾਸ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਕੈਂਸਰ ਇੱਕ ਨਾਰਮਲ ਬਾਡੀ ਉੱਪਰ ਅਬਨਾਰਮਲ ਟਿਸ਼ੂ ਦਾ ਹੋਣਾ ਹੈ, ਜਿਸ ਵਿੱਚ ਕੋਈ ਜ਼ਖਮ ਹੋ ਜਾਂਦਾ ਹੈ ਉਸ ਨੂੰ ਕੈਂਸਰ ਦਾ ਨਾਂਅ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕੈਂਸਰ 2 ਕਿਸਮ ਦਾ ਹੁੰਦਾ ਹੈ, ਇੱਕ ਪਰਿਵਾਰਿਕ ਕੈਂਸਰ ਅਤੇ ਇੱਕ ਜੋ ਸਾਡੇ ਲਿਵਿੰਗ ਸਟਾਈਲ ਤੋਂ ਆਉਂਦਾ ਹੈ।
ਪਰਿਵਾਰਕ ਕੈਂਸਰ ਜ਼ਿਆਦਾਤਰ ਖ਼ੂਨ ਦਾ ਕੈਂਸਰ ਹੁੰਦਾ ਹੈ ਜੋ ਆਪਣੇ ਮਾਂ ਬਾਪ ਤੋਂ ਸਾਨੂੰ ਮਿਲਦਾ ਹੈ ਅਤੇ ਦੂਜਾ ਕੈਂਸਰ ਲਿਵਿੰਗ ਲਾਈਫ ਸਟਾਈਲ ਕਰਕੇ ਹੁੰਦਾ ਹੈ। ਇਹ ਬੀੜੀ-ਸਿਗਰਟ ਦਾ ਸੇਵਨ, ਮਿਲਾਵਟੀ ਸਬਜ਼ੀਆਂ ਦਾਲਾਂ ਅਤੇ ਹੋਰ ਖਾਦ ਪਦਾਰਥ ਦੇ ਸੇਵਨ ਕਾਰਨ ਵੀ ਫੈਲਦਾ ਹੈ। ਇਸਦਾ ਸਭ ਤੋਂ ਵੱਡਾ ਕਾਰਨ ਕਿਸਾਨੀ ਹੈ, ਉਨ੍ਹਾਂ ਕਿਹਾ ਕਿ ਕੈਂਸਰ ਕੀਟਨਾਸ਼ਕ ਦਵਾਈਆਂ ਕਾਰਨ ਫੈਲਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਫ਼ਸਲਾਂ ਤੇ ਸਬਜ਼ੀਆਂ 'ਤੇ ਜਿਨ੍ਹਾਂ ਕੀਟਨਾਸ਼ਕ ਦਵਾਈਆਂ ਦਾ ਇਤੇਮਾਲ ਕਰਦੇ ਹਨ, ਇਹ ਕੈਂਸਰ ਦਾ ਮੁੱਖ ਕਾਰਨ ਹੈ।
ਪੰਜਾਬ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਦੱਸਿਆ ਕਿ ਅੱਜ ਸਾਨੂੰ ਸਮਾਰਟਫੋਨ ਦੀ ਲੋੜ ਨਹੀਂ ਹੈ, ਸਾਡੇ ਕਿਸਾਨਾਂ ਨੂੰ ਸਮਾਰਟ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਕਿ ਉਹ ਕੀਟਨਾਸ਼ਕ ਪੈਸਟੀਸਾਈਡ ਦੀ ਵਰਤੋਂ ਫ਼ਸਲਾਂ ਲਈ ਨਾ ਕਰਨ।