ਮੋਹਾਲੀ: ਪਿਛਲੇ ਕੁਝ ਦਿਨਾਂ ਤੋਂ ਪਸ਼ੂ ਪਾਲਣ ਵਿਭਾਗ ਦੇ ਸਾਹਮਣੇ ਬੈਠੇ ਬੇਰੁਜ਼ਗਾਰ ਐਨੀਮਲ ਫੂਡ ਇੰਸਪੈਕਟਰ ਡਿਪਲੋਮਾ ਹੋਲਡਰ ਨੌਜਵਾਨ ਭੁੱਖ ਹੜਤਾਲ 'ਤੇ ਬੈਠੇ ਹਨ।ਡਿਪਲੋਮਾ ਹੋਲਡਰਾਂ ਨੇ ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਉੱਪਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਕੋਲ ਨੌਕਰੀ ਮੰਗਣ ਗਏ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈ ਕਿਹੜਾ ਤੁਹਾਨੂੰ ਕਿਹਾ ਸੀ ਡਿਪਲੋਮਾ ਕਰ ਲਓ ਅਤੇ ਡਿਪਲੋਮਾ ਕਰਨ ਤੋਂ ਬਾਅਦ ਨੌਕਰੀ ਮਿਲ ਮਿਲ ਜਾਵੇਗੀ।
ਜ਼ਿਕਰਯੋਗ ਹੈ ਕਿ ਡਿਪਲੋਮਾ ਹੋਲਡਰਾਂ ਨੂੰ ਇੱਕ ਵਾਰ ਫਿਰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 1600 ਤੋਂ ਜ਼ਿਆਦਾ ਅਸਾਮੀਆਂ ਖ਼ਾਲੀ ਪਈਆਂ ਹਨ ਜਦੋਂ ਕਿ ਡਿਪਲੋਮਾ ਹੋਲਡਰਾਂ ਦੀ ਗਿਣਤੀ ਸਿਰਫ 650 ਹੈ ਪਰ ਪੰਜਾਬ ਸਰਕਾਰ ਪਿਛਲੇ 3 ਸਾਲਾਂ ਤੋਂ ਅਸਾਮੀਆਂ ਨਹੀਂ ਭਰ ਰਹੀ ਜਿਸ ਕਰਕੇ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਰਫ਼ 2 ਹੀ ਕਾਲਜ ਵੈਟਰਨਰੀ ਦਾ ਡਿਪਲੋਮਾ ਕਰਵਾਉਂਦੇ ਹਨ ਜਿਨ੍ਹਾਂ ਦੀ ਫੀਸ ਤਕਰੀਬਨ ਛਿਮਾਹੀ ਇੱਕ ਲੱਖ ਰੁਪਏ ਆਉਂਦੀ ਹੈ ਅਤੇ ਕੁੱਲ ਦੋ ਸਾਲ ਦੇ ਡਿਪਲੋਮੇ ਦਾ ਖਰਚਾ 4 ਲੱਖ ਰੁਪਏ ਬਣਦਾ ਹੈ।
ਦੱਸਣਯੋਗ ਹੈ ਕਿ ਡਿਪਲੋਮਾ ਹੋਲਡਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਭਰਤੀਆਂ ਨਹੀਂ ਖੋਲ੍ਹਦੀ ਤਾਂ ਉਹ ਮਰਨ ਵਰਤ 'ਤੇ ਬੈਠ ਜਾਣਗੇ।