ਕੁਰਾਲੀ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਮਾਜਰੀ ਵੱਲੋਂ ਬਲਾਕ ਪ੍ਰਧਾਨ ਬਲਜੀਤ ਕੌਰ ਰਕੌਲੀ ਦੀ ਅਗਵਾਈ ਹੇਠ ਸੀ.ਡੀ.ਪੀ.ਓ ਰਾਹੀਂ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਵਿਭਾਗ ਦੇ ਡਾਇਰੈਕਟਰ ਦੇ ਨਾਮ ਮੰਗ ਪੱਤਰ ਭੇਜੇ ਗਏ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਵੱਲੋਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਂਗਨਵਾੜੀ ਵਰਕਰਾਂ ਸਮੇਤ ਜਨਵਰੀ ਦੇ ਤੀਜੇ ਹਫ਼ਤੇ ਚੰਡੀਗੜ੍ਹ ਵਿਖੇ ਡਾਇਰੈਕਟਰ ਦੇ ਦਫ਼ਤਰ ਅੱਗੇ ਰੋਸ ਧਰਨਾ ਲਾਇਆ ਜਾਵੇਗਾ ਅਤੇ ਫਰਵਰੀ ਵਿੱਚ ਵਿਭਾਗ ਦੀ ਮੰਤਰੀ ਮੈਡਮ ਅਰੁਨਾ ਚੌਧਰੀ ਦੇ ਘਰ ਅੱਗੇ ਲੜੀਵਾਰ ਭੁੱਖ ਹੜਤਾਲ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮਾਂ ਦਾ ਦਰਜਾ ਦੇਵੇ ਜਾਂ ਫਿਰ ਵਰਕਰਾਂ ਨੂੰ ਹਰ ਮਹੀਨੇ 24 ਹਜ਼ਾਰ ਤੇ ਹੈਲਪਰ ਨੂੰ 18 ਹਜ਼ਾਰ ਰੁਪਏ ਮਾਣ ਭੱਤਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਧਾਏ ਗਏ ਪੈਸੇ ਜਿਨ੍ਹਾਂ ਨੂੰ ਪੰਜਾਬ ਸਰ ਕਾਰ ਨੱਪੀ ਬੈਠੀ ਹੈ ਤੁਰੰਤ ਰਿਲੀਜ਼ ਕਰੇ ਅਤੇ ਪੋਸ਼ਣ ਅਭਿਆਨ ਤਹਿਤ ਅਤੇ ਪੀ.ਐੱਸ.ਐੱਮ.ਵਾਈ ਦੇ ਪਿਛਲੇ ਦੋ ਸਾਲਾਂ ਤੋਂ ਰੋਕੇ ਗਏ ਪੈਸੇ ਵੀ ਦਿੱਤੇ ਜਾਣ।ਆਂਗਨਵਾੜੀ ਸੁਪਰਵਾਈਜ਼ਰ ਦੀ ਭਰਤੀ ਦਾ ਕੰਮ ਨੂੰ ਜਲਦ ਨੇਪਰੇ ਚਾੜ੍ਹਿਆ ਜਾਵੇ।
ਇਸ ਮੌਕੇ ਉਨ੍ਹਾਂ ਦੇ ਨਾਲ ਹਿਨਾ ਕੁਰਾਲੀ, ਨਿਸ਼ਾ ਕੁਰਾਲੀ, ਨੀਤੂ ਜਕੜਮਾਜਰਾ, ਰਾਜ ਕੁਮਾਰੀ, ਜਸਵਿੰਦਰ ਕੌਰ, ਕਮਲਜੀਤ ਕੌਰ, ਗੁਰਿੰਦਰ ਕੌਰ ਗਿੰਦਰ, ਸੁਨੀਤਾ, ਸੁਰਿੰਦਰ ਕੌਰ ਖੇੜਾ, ਕੁਲਜੀਤ ਕੌਰ ਆਗੂ ਹਾਜ਼ਰ ਸਨ।