ਮੋਹਾਲੀ: ਕਾਂਗਰਸੀ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਵਾਲੀਆ ਦੇ ਕਤਲ ਮਾਮਲੇ ਵਿੱਚ ਅਦਾਲਤ 'ਚ ਅੱਜ ਮੰਗਲਵਾਰ ਨੂੰ ਸੁਣਵਾਈ ਕੀਤੀ ਗਈ। ਇਸ ਦੌਰਾਨ ਗੈਂਗਸਟਰ ਸੰਪਤ ਨਹਿਰਾ ਅਤੇ ਨਗਰ ਕੌਂਸਲ ਬਨੂੜ ਦੇ ਸਾਬਕਾ ਪ੍ਰਧਾਨ ਸਣੇ 6 ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਉੱਤੇ ਸੁਣਵਾਈ ਕਰਦਿਆਂ ਅਦਾਲਤ ਨੇ 6 ਮੁਲਜ਼ਮਾਂ ਉੱਤੇ ਦੋਸ਼ ਤੈਅ ਕਰ ਦਿੱਤੇ ਹਨ।
ਅਦਾਲਤ ਨੇ ਗੈਂਗਸਟਰ ਸੰਪਤ ਨਹਿਰਾ ਅਤੇ ਨਗਰ ਕੌਂਸਲ ਬਨੂੜ ਦੇ ਸਾਬਕਾ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ, ਗੁਰਕੀਰਤ ਸਿੰਘ, ਦੀਪਕ ਖਟੀਕ, ਸੁਖਜੀਤ ਸਿੰਘ ਅਤੇ ਦੀਪਕ ਟੀਨੂੰ ਵਿਰੁੱਧ ਧਾਰਾ 302,120 ਬੀ ਸਣੇ ਹੋਰਨਾਂ ਧਰਾਵਾਂ ਦੇ ਦੋਸ਼ ਤੈਅ ਕੀਤੇ ਗਏ ਹਨ।
ਅਦਾਲਤ ਵੱਲੋਂ ਉਕਤ ਮੁਲਜ਼ਮਾਂ ਵਿਰੁੱਧ ਪਹਿਲੀ ਗਵਾਹੀ ਕਰਵਾਉਣ ਲਈ 25 ਫ਼ਰਵਰੀ ਤਰੀਕ ਨਿਸ਼ਚਿਤ ਕੀਤੀ ਹੈ। ਦੱਸਣਯੋਗ ਹੈ ਕਿ ਕੌਂਸਲਰ ਦੇ ਭਰਾ ਤੇ ਭਤੀਜਿਆਂ ਵਿਰੁੱਧ ਵੀ ਮਾਮਲਾ ਦਰਜ ਹੈ। ਜਦਕਿ ਗੈਂਗਸਟਰ ਸੰਪਤ ਨਹਿਰਾ ਨੂੰ ਕਿਸੇ ਹੋਰ ਰਾਜ ਦੀ ਪੁਲਿਸ ਵੱਲੋਂ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਬਨੂੜ ਦੀ ਪੁਲਿਸ ਪ੍ਰੋਡਕਸ਼ਨ ਵਰੰਟ ਉਪਰ ਲੈ ਕੇ ਆਈ ਸੀ।
ਇਸ ਮਾਮਲੇ ਦੇ ਸਾਰੇ ਹੀ ਮੁਲਜ਼ਮ ਸੁਖਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। 6 ਸਤੰਬਰ 2017 ਨੂੰ ਹੋਏ ਕਾਂਗਰਸੀ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਵਾਲੀਆ ਦੇ ਕਤਲ ਮਾਮਲੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਟਿੱਡੀ ਦਲ ਅਟੈਕ: ਇੱਕ ਪਾਸੇ ਕਿਸਾਨਾਂ 'ਚ ਡਰ, ਦੂਜੇ ਪਾਸੇ ਖੇਤੀਬਾੜੀ ਅਧਿਕਾਰੀਆਂ ਦੇ ਦਾਅਵੇ