ਰੂਪਨਗਰ : ਸਥਾਨਕ ਚਰਨ ਗੰਗਾ ਸਪੋਰਟਸ ਸਟੇਡੀਅਮ ਵਿਖੇ ਅੰਤਰ-ਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ ਹੋਏ ਸੈਮੀਫ਼ਾਈਨਲ ਮੁਕਾਬਲਿਆਂ ਵਿੱਚ ਕੈਨੇਡਾ ਦੀ ਟੀਮ ਨੇ ਇੰਗਲੈਡ ਨੂੰ ਅਤੇ ਭਾਰਤ ਨੇ ਅਮਰੀਕਾ ਦੀ ਟੀਮ ਨੂੰ ਹਰਾ ਕੇ ਫ਼ਾਈਨਲ ਵਿੱਚ ਸਥਾਨ ਹਾਸਲ ਕੀਤਾ|
ਪਹਿਲਾ ਸੈਮੀਫ਼ਾਈਨਲ ਮੁਕਾਬਲਾ ਕੈਨੇਡਾ ਅਤੇ ਇੰਗਲੈਡ ਵਿਚਕਾਰ ਹੋਇਆ। ਜਿਸ ਵਿੱਚ ਪਹਿਲੇ ਕੁਆਰਟਰ ਵਿੱਚ ਕਾਫ਼ੀ ਫ਼ਸਵਾ ਮੁਕਾਬਲਾ ਹੋਇਆ ਅਤੇ ਇੰਗਲੈਂਡ ਦੀ ਟੀਮ ਨੇ 10 ਅੰਕ ਹਾਸਲ ਕੀਤੇ ਜਦ ਕਿ ਕੈਨੇਡਾ ਨੇ 9 ਅੰਕ ਹਾਸਲ ਕੀਤੇ। ਇਸ ਉਪਰੰਤ ਹੋਏ ਬਾਕੀ ਤਿੰਨਾਂ ਕੁਆਰਟਰਾਂ ਵਿੱਚ ਕੈਨੇਡਾ ਦੀ ਟੀਮ ਨੇ ਇੰਗਲੈਂਡ ਉੱਤੇ ਲੀਡ ਬਰਕਰਾਰ ਰੱਖਦਿਆ ਅੰਤ ਵਿੱਚ 45 ਅੰਕ ਹਾਸਲ ਕਰਕੇ ਇੰਗਲੈਂਡ ਨੂੰ ਹਰਾਉਣ ਵਿੱਚ ਸਫ਼ਲਤਾ ਹਾਸਲ ਕੀਤੀ। ਇੰਗਲੈਂਡ ਦੇ ਕੁੱਲ 29 ਅੰਕ ਹਾਸਲ ਕੀਤੇ|
ਟੂਰਨਾਮੈਂਟ ਦੇ ਦੂਜੇ ਸੈਮੀਫ਼ਾਈਨਲ ਵਿੱਚ ਭਾਰਤ ਦੀ ਟੀਮ ਲਗਾਤਾਰ ਅਮਰੀਕਾ ਤੇ ਹਾਵੀ ਰਹੀ। ਪਹਿਲੇ ਕੁਆਰਟਰ ਵਿਚ ਭਾਰਤ ਨੇ 18 ਅਤੇ ਅਮਰੀਕਾ ਨੇ ਸਿਰਫ਼ 5 ਅੰਕ ਹਾਸਲ ਕੀਤੇ। ਮੈਚ ਦੇ ਅੱਧੇ ਟਾਈਮ ਸਮੇ ਭਾਰਤ ਦੇ 33 ਅਤੇ ਅਮਰੀਕਾ ਦੇ 13 ਅੰਕ ਸਨ। ਤੀਜੇ ਕੁਆਟਰ ਵਿੱਚ ਭਾਰਤ 47 ਅਤੇ ਅਮਰੀਕਾ ਦੇ 21 ਅੰਕ ਸਨ ਅਤੇ ਮੈਚ ਦੀ ਸਮਾਪਤੀ ਤੇ ਭਾਰਤ ਦੇ 59 ਤੇ ਅਮਰੀਕਾ ਦੇ 31 ਅੰਕ ਸਨ।
ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਅਤੇ ਉਨ੍ਹਾਂ ਦਾ ਉਤਸ਼ਾਹ ਦੇਖਣਯੋਗ ਸੀ| ਪ੍ਰਸਿੱਧ ਗਾਇਕਾ ਸੁਨੰਦਾ ਸਰਮਾ ਨੇ ਵੀ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਖ਼ੂਬ ਮੰਨੋਰੰਜਨ ਕੀਤਾ।