ਚੰਡੀਗੜ੍ਹ: ਪੰਜਾਬੀ ਸਾਹਿਤ ਅਕਾਦਮੀ ਵੱਲੋਂ ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਅਤੇ ਪੰਜਾਬੀ ਗੀਤਕਾਰੀ ਸਭਾ ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਪੰਜਾਬੀ ਗੀਤਕਾਰੀ ਮੇਲੇ ਦਾ ਵਿਸ਼ਾਲ ਆਯੋਜਨ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੁਨੀਆਂ ਭਰ ਵਿੱਚ ਪੰਜਾਬੀ ਗੀਤਕਾਰੀ ਦੀ ਧਾਂਕ ਕਾਇਮ ਕਰਨ ਵਾਲੇ ਅਜ਼ੀਮ ਗੀਤਕਾਰ ਅਪਣੀ ਸ਼ਮੂਲੀਅਤ ਦਰਜ ਕਰਵਾਉਣਗੇ।
ਪੰਜਾਬੀ ਭਵਨ ਲੁਧਿਆਣਾ ਵਿਖੇ 22 ਫ਼ਰਵਰੀ ਨੂੰ ਸਵੇਰ 11 ਤੋਂ ਸ਼ਾਮ 5:00 ਵਜੇ ਤੱਕ ਆਯੋਜਿਤ ਕੀਤੇ ਜਾ ਰਹੇ ਉਕਤ ਮੇਲੇ ਦੀ ਪ੍ਰਧਾਨਗੀ ਜਰਨੈਲ ਘੁਮਾਣ, ਬਾਬੂ ਸਿੰਘ ਮਾਨ ਅਤੇ ਗੁਰਭਜਨ ਸਿੰਘ ਗਿੱਲ ਕਰਨਗੇ, ਜੋ ਸੰਗੀਤ ਅਤੇ ਸਾਹਿਤ ਗਲਿਆਰਿਆਂ ਵਿੱਚ ਮਾਣਮੱਤੀਆਂ ਸ਼ਖ਼ਸੀਅਤਾਂ ਵਜੋਂ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਦੁਨੀਆਂ ਭਰ ਵਿੱਚ ਪੰਜਾਬੀ ਗੀਤਕਾਰੀ ਨੂੰ ਹੋਰ ਮਾਣ ਦਿਵਾਉਣ ਲਈ ਸਾਹਮਣੇ ਲਿਆਂਦੇ ਜਾ ਰਹੇ ਉਕਤ ਗੀਤਕਾਰੀ ਮੇਲੇ ਦੇ ਮੁੱਖ ਪ੍ਰਬੰਧਕ ਵਜੋਂ ਜ਼ਿੰਮੇਵਾਰੀ ਪ੍ਰਸਿੱਧ ਗੀਤਕਾਰ ਭੱਟੀ ਭੜੀਵਾਲਾ ਨਿਭਾਉਣਗੇ, ਜਿੰਨ੍ਹਾਂ ਅਨੁਸਾਰ ਪੰਜਾਬੀ ਗੀਤਕਾਰੀ ਨੂੰ ਦਹਾਕਿਆਂ ਤੋਂ ਸਮਰਪਿਤ ਗੀਤਕਾਰਾਂ ਦੀ ਹੌਂਸਲਾ ਅਫਜ਼ਾਈ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਆਯੋਜਿਤ ਕੀਤੇ ਜਾ ਰਹੇ ਇਸ ਮੇਲੇ ਨੂੰ ਬਿਹਤਰੀਨ ਰੂਪ ਦੇਣ ਵਿੱਚ ਮੰਝੇ ਹੋਏ ਗੀਤਕਾਰ ਸ਼ਮਸ਼ੇਰ ਸੰਧੂ ਅਤੇ ਇਸੇ ਖੇਤਰ ਦੀਆਂ ਮੰਨੀ-ਪ੍ਰਮੰਨੀਆਂ ਹਸਤੀਆਂ ਵਿੱਚ ਸ਼ੁਮਾਰ ਕਰਵਾਉਂਦੇ ਅਮਰੀਕ ਸਿੰਘ ਤਲਵੰਡੀ ਵੀ ਅਹਿਮ ਭੂਮਿਕਾ ਨਿਭਾਉਣਗੇ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਦੇ ਕਲਾ ਸੰਗੀਤ ਅਤੇ ਸਾਹਿਤ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਣੇ ਇਸ ਮੇਲੇ ਵਿੱਚ ਸ਼ਾਮਿਲ ਹੋਣ ਜਾ ਰਹੇ ਗੀਤਕਾਰਾਂ ਵਿੱਚ ਹਰਜਿੰਦਰ ਕੰਗ, ਹਰਦਿਆਲ ਸਿੰਘ ਕੰਗ, ਜਗਤਾਰ ਸਿੰਘ ਗਿੱਲ, ਜਸਵੀਰ ਸਿੰਘ ਸਹੋਤਾ, ਬਲਬੀਰ ਲਹਿਰਾ, ਬਿੱਟੂ ਦੋਲਤਪੁਰੀਆ, ਭੋਲਾ ਜਰਗ ਵਾਲਾ (ਯੂ.ਐਸ.ਏ), ਜਸਵੀਰ ਗੁਣਾਚੌਰੀਆ, ਦਵਿੰਦਰ ਬੈਨੀਪਾਲ, ਗੁਰਵਿੰਦਰ ਮੱਦੋਕੇ, ਜੀਤ ਕੱਦੋਵਾਲਾ, ਇੰਦਾ ਰਾਏਕੋਟੀ, ਤਰਨਜੀਤ ਜਰਗੜੀ, ਜਤਿੰਦਰ ਨਿੱਝਰ (ਕੈਨੇਡਾ), ਜੌਰਾ ਲਸਾੜਾ, ਰਣਜੀਤ ਸਿੰਘ ਰਾਣਾ (ਯੂ.ਕੇ), ਸੁਰਜੀਤ ਸੰਧੂ ਅਤੇ ਪ੍ਰਗਟ ਸਿੰਘ ਗਿੱਲ (ਆਸਟ੍ਰੇਲੀਆ), ਸੇਵਕ ਬਰਾੜ (ਇਟਲੀ) ਆਦਿ ਸ਼ਾਮਿਲ ਹਨ।
ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਅਨੂਠੇ ਮੇਲੇ ਵਜੋਂ ਅਪਣਾ ਵਿਲੱਖਣ ਪ੍ਰਗਟਾਵਾ ਕਰਵਾਉਣ ਜਾ ਰਹੇ ਉਕਤ ਮੇਲੇ ਦਾ ਮੰਚ ਸੰਚਾਲਨ ਪ੍ਰੋ. ਨਿਰਮਲ ਜੋੜਾ, ਜਗਤਾਰ ਜੱਗੀ, ਕਰਨੈਲ ਸਿਵੀਆਂ, ਅਮਰਦੀਪ ਬੰਗਾ ਕਰਨਗੇ।
ਇਹ ਵੀ ਪੜ੍ਹੋ: