ਰੂਪਨਗਰ : ਸੂਬੇ 'ਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਇਸ ਨੂੰ ਵੇਖਦੇ ਹੋਏ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਲੋਕਾਂ ਨੂੰ ਇਸ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਕੜੀ 'ਚ ਸਿਵਲ ਹਸਪਤਾਲ ਰੂਪਨਗਰ ਦੇ ਬਲੱਡ ਬੈਂਕ ਦੀ ਡਾਕਟਰੀ ਟੀਮ ਵੀ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਜਾਗਰੂਕ ਕਰ ਰਹੀ ਹੈ। ਇਸੇ ਬਾਰੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਡਾ. ਸੋਨੀਆ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਕੀ ਹੈ ਪਲਾਜ਼ਮਾ ਥੈਰੇਪੀ ?
ਇਸ ਬਾਰੇ ਦੱਸਦੇ ਹੋਏ ਡਾ. ਸੋਨੀਆ ਨੇ ਕਿਹਾ ਸੂਬੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ। ਪਲਾਜ਼ਮਾ ਥੈਰੇਪੀ ਖ਼ੂਨ ਦੇ ਪਲਾਜ਼ਮਾ ਵਿੱਚ ਪਾਏ ਜਾਣ ਵਾਲੇ ਐਂਟੀਬਾਡੀ ਦੇ ਆਧਾਰ 'ਤੇ ਸਰੀਰ ਵਿਚ ਕਿਸੇ ਵਾਇਰਸ ਖਿਲਾਫ਼ ਪ੍ਰਤੀਰੋਧਕ ਸਮਰਥਾ ਨੂੰ ਵਿਕਸਤ ਕਰਨ ਦੀ ਪ੍ਰਕਿਰਿਆ ਹੈ। ਕਿਸੇ ਵੀ ਮਨੁੱਖੀ ਸਰੀਰ 'ਚ ਵਾਇਰਸ ਦਾਖਲ ਹੋਣ ਤੋਂ ਕੁੱਝ ਸਮਾਂ ਬਾਅਦ ਸਰੀਰ ਖ਼ੁਦ ਉਸ ਨਾਲ ਲੜਨ ਲੱਗਦਾ ਹੈ ਤੇ ਉਸ ਵਾਇਰਸ ਨੂੰ ਖ਼ਤਮ ਕਰਨ ਲਈ ਐਂਟੀਬਾਡੀ ਬਣਾਉਂਦਾ ਹੈ। ਜਿਵੇਂ ਹੀ ਐਂਟੀਬਾਡੀ ਵਾਇਰਸ ਦੇ ਖ਼ਤਮ ਕਰਨ 'ਚ ਸਫਲ ਹੁੰਦਾ ਹੈ, ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੋਰੋਨਾ ਵਾਇਰਸ ਤੋਂ ਬਾਅਦ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਸਰੀਰ 'ਚ ਐਂਟੀਬਾਡੀਜ਼ ਬਣ ਜਾਂਦੇ ਹਨ। ਇਹ ਐਂਟੀਬਾਡੀਜ਼ ਖੂਨ ਦੇ ਨਾਲ ਪਲਾਜ਼ਮਾ 'ਚ ਮੌਜੂਦ ਹੁੰਦੇ ਹਨ।
ਪਲਾਜ਼ਮਾ ਥੈਰੇਪੀ ਨਾਲ ਕਿੰਝ ਕੀਤਾ ਜਾ ਰਿਹਾ ਹੈ ਕੋਰੋਨਾ ਮਰੀਜ਼ਾਂ ਦਾ ਇਲਾਜ
ਡਾ. ਸੋਨੀਆ ਨੇ ਦੱਸਿਆ ਕਿ ਹੁਣ ਦੇਸ਼ 'ਚ ਪਲਾਜ਼ਮਾ ਥੈਰੇਪੀ ਨਾਲ ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਕਦੀ ਵੀ ਇਸ ਨੂੰ ਹਰੀ ਝੰਡੀ ਦੇ ਸਕਦਾ ਹੈ। ਫਿਲਹਾਲ ਇਸ ਥੈਰੇਪੀ ਦੀ ਵਰਤੋਂ ਸਿਰਫ ਗੰਭੀਰ ਰੂਪ ਨਾਲ ਬਿਮਾਰ ਅਤੇ ਵੈਂਟੀਲੇਟਰ 'ਤੇ ਰੱਖੇ ਗਏ ਕੋਰੋਨਾ ਮਰੀਜ਼ਾਂ ਲਈ ਹੀ ਕੀਤੀ ਜਾਵੇਗੀ।
ਸਿਹਤਯਾਬ ਵਿਅਕਤੀ ਵੱਲੋਂ ਖ਼ੂਨਦਾਨ ਕਰਨ ਮਗਰੋਂ ਬਲੱਡ ਬੈਂਕ ਦੀ ਡਾਕਟਰੀ ਟੀਮ ਮਸ਼ੀਨਾਂ ਦੀ ਮਦਦ ਰਾਹੀਂ ਖ਼ੂਨ ਚੋਂ ਪਲਾਜ਼ਮਾ ਵੱਖ ਕਰ ਲੈਂਦੀ ਹੈ। ਇਹ ਪਲਾਜ਼ਮਾ ਕੋਰੋਨਾ ਪੀੜਤ ਮਰੀਜ਼ ਨੂੰ ਚੜਾਇਆ ਜਾਂਦਾ ਹੈ। ਪਲਾਜ਼ਮਾ ਚੜਾਏ ਜਾਣ ਮਗਰੋਂ ਗੰਭੀਰ ਮਰੀਜ਼ ਦੀ ਰਿਕਵਰੀ ਤੇਜ਼ ਨਾਲ ਹੋਣੀ ਸ਼ੁਰੂ ਹੋ ਜਾਂਦੀ ਹੈ। ਡਾ. ਸੋਨੀਆ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਇਲਾਵਾ ਹਰ ਵਿਅਕਤੀ ਦੇ ਸਰੀਰ 'ਚ ਮੌਜੂਦ ਪਲਾਜ਼ਮਾ ਵੱਖ-ਵੱਖ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਰੱਖਦੇ ਹਨ।
ਪਲਾਜ਼ਮਾ ਦਾਨ ਕਰਕੇ ਬਚਾਈਆਂ ਜਾ ਸਕਦੀਆਂ ਨੇ ਕਈ ਜਾਨਾਂ
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਖ਼ੂਨਦਾਨ ਕਰਕੇ ਅਸੀਂ ਕਈ ਲੋਕਾਂ ਦੀ ਜਾਨ ਬਚਾ ਸਕਦੇ ਹਾਂ, ਉਂਝ ਹੀ ਪਲਾਜ਼ਮਾ ਦਾਨ ਕਰਕੇ ਕੋਰੋਨਾ ਵਾਇਰਸ ਨਾਲ ਜੂਝ ਰਹੇ ਕਈ ਮਰੀਜ਼ਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਕੋਰੋਨਾ ਤੋਂ ਸਿਹਤਯਾਬ ਹੋਏ ਲੋਕਾਂ ਸਣੇ ਆਮ ਲੋਕਾਂ ਨੂੰ ਪਲਾਜ਼ਮਾਂ ਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਜਾਨਾਂ ਬਚਾਈਆਂ ਜਾ ਸਕਣ।