ਰੂਪਨਗਰ: ਸੋਸ਼ਲ ਮੀਡੀਆ 'ਤੇ ਰੂਪਨਗਰ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੇ ਖਿਡਾਰੀਆਂ ਦਾ ਇੱਕ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖਿਡਾਰੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵਿੱਚ ਚੜ੍ਹ ਰਹੇ ਹਨ ਤੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਬੱਸ ਦੇ ਪਿਛਲੇ ਪਾਸਿਓਂ ਛੱਤ 'ਤੇ ਬੈਠੇ ਵਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਜਿੱਥੇ ਬੱਚੇ ਬੱਸ ਦੇ ਪਿਛਲੀ ਛੱਤ 'ਤੇ ਚੜ੍ਹਦੇ ਦਿਖਾਈ ਦੇ ਰਹੇ ਹਨ ਤੇ ਉੱਥੇ ਹੀ ਕੁਝ ਬੱਚੇ ਸੜਕ 'ਤੇ ਖੜ੍ਹੇ ਹੋਏ ਹਨ।
ਦਰਅਸਲ, ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਆਪਣੇ ਜੱਦੀ ਇਲਾਕੇ ਸੰਗਰੂਰ ਵਿੱਚ ਪੰਜਾਬ ਭਰ ਦੇ ਵੱਖ-ਵੱਖ ਖਿਡਾਰੀਆਂ ਨੇ ਸ਼ਾਮਿਲ ਹੋਣਾ ਸੀ। ਇਸ ਤਹਿਤ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਨ ਵਾਲੇ ਇਹ ਅਥਲੈਟਿਕਸ ਦੇ ਖਿਡਾਰੀ ਰੂਪਨਗਰ ਤੋਂ ਇੱਕ ਨਿੱਜੀ ਬੱਸ 'ਤੇ ਸਵਾਰ ਹੋ ਕੇ ਸੰਗਰੂਰ ਜਾ ਰਹੇ ਸਨ।
ਜਾਣਕਾਰੀ ਮੁਤਾਬਕ ਬੱਸ ਵਿੱਚ ਲਗਭਗ 100 ਤੋਂ ਵੱਧ ਖਿਡਾਰੀ ਤੇ ਉਨ੍ਹਾਂ ਦੇ ਨਾਲ 10 ਅਧਿਆਪਕ ਮੌਜੂਦ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਬੱਸ ਵਿੱਚ ਬੱਚੇ ਚੜ੍ਹ ਰਹੇ ਹਨ, ਉਸ ਥਾਂ 'ਤੇ ਜ਼ਿਲ੍ਹੇ ਦੇ ਸਹਾਇਕ ਸਿੱਖਿਆ ਅਫ਼ਸਰ ਸਤਨਾਮ ਸਿੰਘ ਵੀ ਮੌਜੂਦ ਸਨ ਜੋ ਕਿ ਵੀਡੀਓ ਵਿੱਚ ਫੋਨ 'ਤੇ ਗੱਲ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਦੇਖ ਕੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਰੂਪਨਗਰ ਦੇ ਖਿਡਾਰੀ ਜੋ ਅਥਲੈਟਿਕਸ ਵਿੱਚ ਹਿੱਸਾ ਲੈਣ ਲਈ ਸੰਗਰੂਰ ਜਾ ਰਹੇ ਸਨ ਉਨ੍ਹਾਂ ਲਈ ਸਿਰਫ਼ ਇੱਕ ਬੱਸ ਦਾ ਹੀ ਇੰਤਜ਼ਾਮ ਕੀਤਾ ਗਿਆ ਸੀ ਤੇ ਇੱਕ ਆਮ ਬੱਸ ਵਿੱਚ 52 ਸੀਟਾਂ ਹੁੰਦੀਆਂ ਹਨ ਪਰ ਬੱਚਿਆਂ ਦੀ ਗਿਣਤੀ 100 ਤੋਂ ਵੱਧ ਹੈ ਤੇ ਨਾਲ ਹੀ ਦੱਸ ਅਧਿਆਪਕ ਵੀ ਹਨ।
ਤੁਹਾਨੂੰ ਜਾਣਕਾਰੀ ਲਈ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਇਹ ਵੀਡੀਓ ਕਲਿੱਪ 20 ਨਵੰਬਰ ਦਾ ਹੈ, ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਰੂਪਨਗਰ ਪ੍ਰਸ਼ਾਸਨ ਸਿੱਖਿਆ ਮਹਿਕਮੇ ਦੀ ਇਸ ਅਣਗਹਿਲੀ 'ਤੇ ਕੀ ਐਕਸ਼ਨ ਲੈਂਦਾ ਹੈ?