ਨੰਗਲ: ਕੇਂਦਰੀ ਰਾਜ ਵਿੱਤ ਮੰਤਰੀ ਅਨੁਰਾਗ ਠਾਕੁਰ ਨੰਗਲ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਉਨ੍ਹਾਂ ਨੇ ਬੀਜੇਪੀ ਵਰਕਰਾਂ ਦੇ ਨਾਲ ਮੀਟਿੰਗ ਵੀ ਕੀਤੀ। ਦੱਸ ਦਈਏ ਕਿ ਨੰਗਲ ਵਿਖੇ ਪਹੁੰਚੇ ਕੇਂਦਰੀ ਮੰਤਰੀ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਰੱਖੇ ਗਏ ਪ੍ਰੋਗਰਾਮ ਦੇ ਦੌਰਾਨ ਪੌਦੇ ਵੀ ਲਗਾਏ।
ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਰਾਜ ਸੱਤਾ ਨੂੰ ਹਥਿਆਉਣ ਦੇ ਲਈ ਇਹ ਪਾਰਟੀ ਦੇ ਆਗੂ ਕਿਸੇ ਇਕ ਰਾਜ ਵਿਚ ਜਨੇਊ ਪਾ ਲੈਂਦੇ ਨੇ ਜਾਂ ਹਨੂੰਮਾਨ ਚਾਲੀਸਾ ਪੜ੍ਹਦੇ ਨੇ ਜਾਂ ਮੱਥੇ 'ਤੇ ਤਿਲਕ ਲਗਾ ਲੈਂਦੇ ਨੇ ਦੂਜੇ ਸੂਬੇ ਵਿਚ ਜਾ ਕੇ ਅੱਤਵਾਦੀਆਂ ਦੇ ਘਰਾਂ ਦੇ ਵਿੱਚ ਠਹਿਰਦੇ ਹਨ ਤਾਂ ਜੋ ਉੱਥੇ ਵੋਟਾਂ ਬਟੋਰੀਆਂ ਜਾ ਸਕਣ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਕ ਸਿਹਤ ਮੰਤਰੀ ਜੇਲ੍ਹ ਵਿੱਚ ਬੰਦ ਹੈ ਤੇ ਦੂਸਰਾ ਜੇਲ੍ਹ ਮੰਤਰੀ ਆਪਣੇ ਅਹੁਦੇ ਤੋਂ ਬਰਖਾਸਤ ਹੈ ਅਤੇ ਇੱਕ ਸ਼ਰਾਬ ਘੁਟਾਲੇ ਵਿਚ ਅੰਦਰ ਜਾਣ ਲਈ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਭਾਜਪਾ ਜਾਂ ਕਿਸੇ ਹੋਰ ਰਾਜਨੀਤਕ ਦਲ ਦੀ ਆਲੋਚਨਾ ਕਰਨ ਦੀ ਖੁੱਲ ਹੈ ਪਰ ਦੇਸ਼ ਦੇ ਬਾਰੇ ਗਲਤ ਬੋਲਣਾ ਇਹ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।