ਹੈਦਰਾਬਾਦ ਡੈਸਕ: ਪੰਜਾਬ ਸਰਕਾਰ ਅਤੇ ਸੁਪਰੀਮ ਕੋਰਟ ਵੱਲੋਂ ਲਗਾਤਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖੁੱਲ੍ਹਣਾੳੇਣ ਲਈ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਆਪਣਾ ਮਰਨ ਵਰਤ ਖੋਲ੍ਹਣ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਉਨ੍ਹਾਂ ਦਾ ਮਰਨ ਵਰਤ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ "ਮੇਰੀ ਜ਼ਿੰਦਗੀ ਜਿਆਦਾ ਜ਼ਰੂਰੀ, ਜਾਂ ਬੱਚਿਆਂ ਦਾ ਰੁੱਲਣਾ"।
ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ
ਦੱਸ ਦਈਏ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਵੱਲੋਂ ਅੱਜ ਖਨੌਰੀ ਬਾਰਡਰ ‘ਤੇ ਪੁੱਜ ਕੇ ਮਰਨ ਵਰਤ ‘ਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕੀਤੀ ਹੈ। ਮੀਟਿੰਗ ਤੋਂ ਬਾਅਦ ਹਾਈ ਪਾਵਰ ਕਮੇਟੀ ਦੇ ਚੇਅਰਮੈਨ ਜਸਟਿਸ ਨਵਾਬ ਸਿੰਘ ਨੇ ਕਿਹਾ ਕਿ ਉਹ ਜਗਜੀਤ ਸਿੰਘ ਡੱਲੇਵਾਲ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਨ। ਕਮੇਟੀ ਨੇ ਇਸ ਮੌਕੇ ਕਿਸਾਨਾਂ ਨੂੰ ਰਿਪੋਰਟ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਡੱਲੇਵਾਲ ਨੇ ਕਿਹਾ ਕਿ ਮੇਰੇ ਲਈ ਕਿਸਾਨੀ ਪਹਿਲਾਂ ਹੈ ਬਾਕੀ ਸਭ ਕੁਝ ਬਾਅਦ ਵਿਚ ਹੈ।
ਡੱਲੇਵਾਲ ਨੁੰ ਮਨਾਉਣ ਦੀ ਕੋਸ਼ਿਸ਼
ਜਸਟਿਸ ਨਵਾਬ ਸਿੰਘ ਨੇ ਕਿਹਾ ਕਿ ਅਸੀਂ ਡੱਲੇਵਾਲ ਨੂੰ ਮੈਡੀਕਲ ਟਰੀਟਮੈਂਟ ਲੈਣ ਦੀ ਬੇਨਤੀ ਕੀਤੀ ਹੈ, ਅਸੀਂ ਸਿਰਫ ਤੇ ਸਿਰਫ ਇਹ ਚਾਹੁੰਦੇ ਹਨ ਕਿ ਡੱਲੇਵਾਲ ਠੀਕ ਰਹਿਣ ਅਤੇ ਸਾਨੂੰ ਡੱਲੇਵਾਲ ਜਦੋਂ ਵੀ ਬੁਲਾਉਣ ਅਸੀਂ ਹਾਜ਼ਰ ਹੋਵਾਗੇ। ਅਸੀਂ ਇਹ ਕਹਿਣ ਨਹੀਂ ਆਏ ਕਿ ਇਸ ਅੰਦੋਲਨ ਨੂੰ ਖਤਮ ਕਰ ਦਿੱਤਾ ਜਾਵੇ ਬਸ ਅਸੀਂ ਡੱਲੇਵਾਲ ਦੀ ਸਿਹਤ ਚੰਗੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਡੱਲੇਵਾਲ ਨੁੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ, ਇਸ ਦੇ ਨਾਲ ਹੀ ਅਸੀਂ ਕਿਹਾ ਕਿ ਜੇਕਰ ਉਹ ਮਰਨ ਵਰਤ ਜਾਰੀ ਵੀ ਰੱਖਣਾ ਚਾਹੁੰਦੇ ਹਨ ਤਾਂ ਮੈਡੀਕਲ ਟਰੀਟਮੈਂਟ ਜ਼ਰੂਰ ਲੈ ਲੈਣ। ਕਮੇਟੀ ਨੇ ਕਿਹਾ ਕਿ ਅਸੀਂ ਸਾਰੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪਾਗੇ।
ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼
ਡੱਲੇਵਾਲ ਨੇ ਕਮੇਟੀ ਨੂੰ ਆਖਿਆ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਾਰੇ ਕਿਉਂ ਨਹੀਂ ਕਹਿੰਦੀ ਇਸ ‘ਤੇ ਜਸਟਿਸ ਨਵਾਬ ਸਿੰਘ ਨੇ ਕਿਹਾ ਕਿ ਇਹ ਸਾਡਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 4 ਮਹੀਨਿਆਂ ਤੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹੁਣ ਤੱਕ ਅਸੀਂ ਸ਼ੁਰੂਆਤੀ ਮੁੱਦੇ ਅਦਾਲਤ ਦੇ ਸਾਹਮਣੇ ਰੱਖੇ ਸਨ। ਅਜੇ ਤੱਕ ਰਿਪੋਰਟ ਦਰਜ ਨਹੀਂ ਕੀਤੀ ਗਈ ਹੈ। ਅਸੀਂ ਜਲਦੀ ਹੀ ਰਿਪੋਰਟ ਸੌਂਪ ਦੇਵਾਂਗੇ। ਰਿਪੋਰਟ ਵੱਖ-ਵੱਖ ਪੜਾਵਾਂ ਵਿੱਚ ਹੋਵੇਗੀ। ਇਸ ਮੁੱਦੇ ‘ਤੇ ਨਵੀਂ ਮੀਟਿੰਗ ਹੋਵੇਗੀ।