ਲੁਧਿਆਣਾ: ਲੋਕਾਂ ਨੂੰ ਹਾਲੇ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸੇ ਕਾਰਨ ਘਰੋਂ ਬਾਹਰ ਨਿਕਲਣ ਵਾਲਿਆਂ ਲਈ ਇਹ ਖ਼ਬਰ ਪੜਨੀ ਬੇਹੱਦ ਜ਼ਰੂਰੀ ਹੈ, ਕਿਉਂਕਿ ਇਸੇ ਸੰਘਣੇ ਕੋਰੇ ਕਾਰਨ ਸੜਕ ਹਾਦਸਿਆਂ 'ਚ ਵਾਧਾ ਹੁੰਦਾ ਹੈ। ਇਸ ਕਰਕੇ ਮੌਸਮ ਵਿਭਾਗ ਵੱਲੋਂ ਵੀ ਸੰਘਣੀ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ। ਇਹ ਅਲਰਟ ਆਈਐਮਡੀ ਪੰਜਾਬ ਵੱਲੋਂ 7 ਜਨਵਰੀ ਤੋਂ ਲੈ ਕੇ 9 ਜਨਵਰੀ ਤੱਕ ਜਾਰੀ ਕੀਤਾ ਗਿਆ, ਜਦੋਂਕਿ 10 ਜਨਵਰੀ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹਨਾਂ ਦਿਨਾਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੰਘਣੀ ਧੁੰਦ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਵੇਗਾ। ਇਸ ਕਰਕੇ ਲੋਕ ਘਰੋਂ ਬਾਹਰ ਨਿਕਲਣ ਲੱਗੇ ਇਹ ਧਿਆਨ ਜਰੂਰ ਰੱਖਣ ਅਤੇ ਸੜਕਾਂ 'ਤੇ ਆਪਣੇ ਵਾਹਨਾਂ ਦੀ ਰਫਤਾਰ ਘੱਟ ਰੱਖਣ ਤਾਂ ਜੋ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਖ਼ਤਰੇ 'ਚ ਨਾ ਪਾਇਆ ਜਾਵੇ।
ਕੀ ਰਿਹਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਤਾਪਮਾਨ
ਜੇਕਰ ਗੱਲ ਤਾਪਮਾਨ ਦੀ ਕੀਤੀ ਜਾਵੇ ਤਾਂ ਆਮ ਚੱਲ ਰਿਹਾ ਹੈ। ਅੰਮ੍ਰਿਤਸਰ ਦਾ ਤਾਪਮਾਨ ਵੱਧ ਤੋਂ ਵੱਧ 18 ਡਿਗਰੀ ਦੇ ਨੇੜੇ ਅਤੇ ਘੱਟ ਤੋਂ ਘੱਟ ਅੱਠ ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦਾ ਤਾਪਮਾਨ ਵੱਧ ਤੋਂ ਵੱਧ 22 ਡਿਗਰੀ ਅਤੇ ਘੱਟ ਤੋਂ ਘੱਟ 9.8 ਡਿਗਰੀ ਦਰਜ ਕੀਤਾ ਗਿਆ ਹੈ। ਲੁਧਿਆਣਾ ਦਾ 19 ਡਿਗਰੀ ਤੇ 8.9 ਡਿਗਰੀ, ਬਠਿੰਡਾ 18.4 ਅਤੇ ਘੱਟ ਤੋਂ ਘੱਟ 7.2, ਇਸੇ ਤਰਾਂ ਪਟਿਆਲਾ ਦਾ 19 ਡਿਗਰੀ ਅਤੇ ਘੱਟ ਤੋਂ ਘੱਟ 8.4 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਜੋ ਕਿ ਆਮ ਜਿੰਨਾ ਹੀ ਹੈ ਪਰ ਲਗਾਤਾਰ ਧੁੰਦ ਕਰਕੇ ਆਮ ਜਨ ਜੀਵਨ ਜ਼ਰੂਰ ਪ੍ਰਭਾਵਿਤ ਹੋਇਆ ਹੈ। ਸੂਰਜ ਨਾ ਨਿਕਲਣ ਕਰਕੇ ਲੋਕਾਂ ਨੂੰ ਠੰਡ ਜ਼ਿਆਦਾ ਮਹਿਸੂਸ ਹੋ ਰਹੀ ਹੈ।
ਕਦੋਂ ਬਦਲੇਗਾ ਮੌਸਮ?
ਆਈਐਮਡੀ ਵੱਲੋਂ ਜਾਰੀ ਕੀਤੀ ਗਈ ਡੇਲੀ ਰਿਪੋਰਟ ਦੇ ਮੁਤਾਬਿਕ ਤਿੰਨ ਦਿਨ ਦੇ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਹੁਤ ਜ਼ਿਆਦਾ ਸੰਘਣੀ ਧੁੰਦ ਨੂੰ ਲੈ ਕੇ 10 ਤਰੀਕ ਨੂੰ ਅਲਰਟ ਕੀਤਾ ਗਿਆ ਹੈ। ਹਾਲਾਂਕਿ 11 ਤਰੀਕ ਤੋਂ ਬਾਅਦ ਬੱਦਲਵਾਈ ਵਾਲਾ ਮੌਸਮ ਜ਼ਰੂਰ ਬਣਿਆ ਰਹੇਗਾ। ਜਿਸ ਕਾਰਨ ਕਿਤੇ-ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। 11 ਤਰੀਕ ਤੋਂ ਲੈ ਕੇ 13 ਜਨਵਰੀ ਤੱਕ ਹਲਕੀ ਬਾਰਿਸ਼ ਅਤੇ ਬੱਦਲਵਾਈ ਵਾਲਾ ਮੌਸਮ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਜਾਹਿਰ ਹੈ ਕਿ ਲੋਹੜੀ ਵਾਲੇ ਦਿਨ ਵੀ ਬਦਲਵਈ ਵਾਲਾ ਮੌਸਮ ਬਣਿਆ ਰਹੇਗਾ, ਹਾਲਾਂਕਿ ਇਹਨਾਂ ਦਿਨਾਂ ਦੇ ਦੌਰਾਨ ਧੁੰਦ ਤੋਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ ਪਰ ਠੰਡ 'ਚ ਵਾਧਾ ਜ਼ਰੂਰ ਹੋਵੇਗਾ। ਇਸ ਤੋਂ ਇਲਾਵਾ ਸ਼ੀਤ ਲਹਿਰ ਚੱਲਣ ਸਬੰਧੀ ਵੀ ਭਵਿੱਖਬਾਣੀ ਕੀਤੀ ਗਈ ਹੈ।