ਸ੍ਰੀ ਅਨੰਦਪੁਰ ਸਾਹਿਬ : ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਸਿੱਖਾਂ ਦੇ ਕੌਮੀ ਤਿਉਹਾਰ ਹੋਲਾ ਮਹੱਲੇ ਦੇ ਚੱਲਦੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਗਤ ਦੀ ਆਮਦ ਰਹੀ। ਦੇਸ਼-ਵਿਦੇਸ਼ ਤੋਂ ਇਲਾਵਾ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤ ਇੱਥੇ ਪਹੁੰਚ ਕੇ ਨਤਮਸਤਕ ਹੋ ਰਹੀ ਹੈ। ਧਾਰਮਿਕ ਸਥਾਨਾਂ 'ਤੇ ਮੱਥਾ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।
ਵੱਖ-ਵੱਖ ਗੁਰੂ ਘਰਾਂ 'ਚ ਸੰਗਤ ਹੋ ਰਹੀ ਨਤਮਸਤਕ : ਇਸ ਦੌਰਾਨ ਸੰਗਤ ਨੇ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ, ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ, ਡੇਰਾ ਬਾਬਾ ਸ਼੍ਰੀ ਚੰਦ ਜੀ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਕੋਟ ਸਾਹਿਬ ਵਿਖੇ ਮੱਥਾ ਟੇਕਿਆ। ਗੁਰਦੁਆਰਾ ਚਰਨ ਕੰਵਲ ਸਾਹਿਬ, ਗੁਰਦੁਆਰਾ ਬਿਬਨ ਗੜ੍ਹ ਸਾਹਿਬ, ਇਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਨਾਲ ਜੁੜੀ ਸੰਗਤ ਵੱਲੋਂ ਕਈ ਥਾਵਾਂ 'ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਸਨ। ਦੂਰੋਂ ਆਈ ਸੰਗਤ ਨੇ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਛੱਕਿਆ।
ਸਜੀਆਂ ਦੁਕਾਨਾਂ ਖਿੱਚ ਦਾ ਕੇਂਦਰ : ਇਸ 6 ਰੋਜ਼ਾ ਜੋੜ ਮੇਲੇ ਦੇ ਦੂਜੇ ਦਿਨ ਵੀ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਮੱਥਾ ਟੇਕਣ ਲਈ ਪੁੱਜੀ, ਉੱਥੇ ਹੀ ਵਪਾਰੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਸਜਾਈਆਂ ਗਈਆਂ ਹਨ, ਤਾਂ ਜੋ ਸੰਗਤ ਕੋਈ ਯਾਦ ਇੱਥੋਂ ਆਪਣੇ ਨਾਲ ਲੈ ਜਾ ਸਕੇ। ਇਨ੍ਹਾਂ ਵਿੱਚ ਗੁਰੂ ਘਰ ਦੇ ਪ੍ਰਸ਼ਾਦ ਤੋਂ ਇਲਾਵਾ ਬੱਚਿਆਂ ਲਈ ਖਿਡੌਣੇ, ਔਰਤਾਂ ਸ਼ਿੰਗਾਰ ਦੀਆਂ ਵਸਤੂਆਂ, ਖਾਣ-ਪੀਣ ਦੀਆਂ ਵਸਤੂਆਂ ਤੋਂ ਇਲਾਵਾ ਲੋਕਾਂ ਦੇ ਘਰਾਂ ਦੀਆਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਜਾਈਆਂ ਗਈਆਂ ਹਨ।ਸ਼ਰਧਾਲੂਆਂ ਵੱਲੋਂ ਭਾਰੀ ਉਤਸ਼ਾਹ ਨਾਲ ਖਰੀਦਦਾਰੀ ਕੀਤੀ ਜਾ ਰਹੀ ਹੈ।
ਗੁਰੂ ਘਰ ਲਾਈਟਾਂ ਦੀ ਰੋਸ਼ਨੀ ਨਾਲ ਰੁਸ਼ਨਾਏ : ਹੋਲੇ ਮਹੱਲੇ ਦੇ ਦੌਰਾਨ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤ ਲਈ ਭਾਵੇਂ ਕਿ ਗੁਰੂ ਘਰ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਦੂਜੇ ਪਾਸੇ ਸੰਗਤ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ, ਉੱਥੇ ਹੀ ਇਤਿਹਾਸਿਕ ਧਰਤੀ ਦੇ ਗੁਰੂਘਰਾਂ ਸੁੰਦਰ ਦੀਪਮਾਲਾ ਅਤੇ ਫੁੱਲ ਨਾਲ ਸਜਾਵਟ ਕੀਤੀ ਗਈ ਹੈ। ਇੱਥੇ ਰੰਗ-ਬਿਰੰਗੀ ਤੇ ਚਮਕਦੀਆਂ ਲਾਈਟਾਂ ਸੰਗਤ ਵਿੱਚ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਦੇ ਸਾਰੇ ਹੀ ਸਮੁੱਚੇ ਗੁਰੂਘਰਾਂ ਵਿਚ ਸੁੰਦਰ ਲਾਈਟਾਂ ਨਾਲ ਰੁਸ਼ਨਾ ਗਿਆ ਹੈ।
ਇਸ ਵਾਰ ਸੰਗਤ ਬੋਟਿੰਗ ਦਾ ਵੀ ਲੈ ਸਕੇਗੀ ਆਨੰਦ : ਪੰਜਾਬ 'ਚ ਇਸ ਵਾਰ ਹੋਲਾ ਮਹੱਲਾ 3 ਮਾਰਚ ਤੋਂ ਲੈ ਕੇ 8 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਵਾਰ ਜਿੱਥੇ, ਸ਼ਰਧਾਲੂ ਹੋਲੇ-ਮਹੱਲੇ ਦਾ ਆਨੰਦ ਲੈਣਗੇ, ਉੱਥੇ ਹੀ, ਬੋਟਿੰਗ ਦਾ ਨਜ਼ਾਰਾ ਵੇਖ ਕੇ ਵੀ ਉਨ੍ਹਾਂ ਦੀ ਰੂਹ ਖੁਸ਼ ਹੋ ਜਾਵੇਗੀ। ਸ਼ਰਧਾਲੂਆਂ ਨੂੰ ਖੁਸ਼ ਕਰਨ ਲਈ ਅਤੇ ਸੈਲਾਨੀਆਂ ਨੂੰ ਇਸ ਥਾਂ ਲਈ ਉਤਸ਼ਾਹਿਤ ਕਰਨ ਲਈ ਰੂਪਨਗਰ ਦੇ ਪ੍ਰਸਾਸ਼ਨ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਹੈ। ਇਸ ਨੂੰ ਲੈ ਕੇ ਡੀਸੀ ਪ੍ਰੀਤੀ ਯਾਦਵ ਨੇ ਕਿਹਾ ਅਸੀਂ ਬੋਟਿੰਗ ਨੂੰ ਸੈਰ ਸਪਾਟੇ ਵੱਜੋਂ ਉਤਸ਼ਾਹ ਕਰਨ ਲਈ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ਵਾਟਰ ਟੂਰਿਜ਼ਮ ਅਤੇ ਅਡਵੈਂਚਰ ਟੂਰਜ਼ਿਮ ਨੂੰ ਵਿਕਸਿਤ ਕਰਕੇ ਇਸ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Anurag Thakur on Rahul Gandhi: ‘ਲਗਾਤਾਰ ਹਾਰ ਤੋਂ ਬਾਅਦ ਰਾਹੁਲ ਗਾਂਧੀ ਵਿਦੇਸ਼ ਜਾ ਕੇ ਭਾਰਤ ਨੂੰ ਕਰ ਰਹੇ ਨੇ ਬਦਨਾਮ’