ਰੋਪੜ: ਮੋਰਿੰਡਾ ਦੇ ਗੁਰੂਘਰ ਅੰਦਰ ਬੇਅਦਬੀ ਦੇ ਮੁੱਖ ਮੁਲਜ਼ਮ ਜਸਬੀਰ ਸਿੰਘ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਵਕੀਲ ਸਾਹਿਬ ਸਿੰਘ ਨੂੰ ਜੱਜ ਦੇ ਸਾਹਮਣੇ ਰੂਪਨਗਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅਤੇ ਵਧੀਕ ਸਿਵਲ ਜੱਜ ਅਮਨਪ੍ਰੀਤ ਸਿੰਘ ਨੇ ਮੁਲਜ਼ਮ ਵਕੀਲ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਹੋਰ ਇੱਕ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਮੁਲਜ਼ਮ ਨੂੰ ਜੂਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ।
ਬੇਅਦਬੀ ਦੇ ਮੁਲਜ਼ਮ ਨੂੰ ਗੋਲੀ ਮਾਰਨ ਦੀ ਕੀਤੀ ਸੀ ਕੋਸ਼ਿਸ਼: ਮੁਲਜ਼ਮ ਨੂੰ ਸਖ਼ਤ ਸੁਰੱਖਿਆ ਵਿਚਕਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਪੁਲਿਸ ਨੇ ਮੁਲਜ਼ਮ ਵਕੀਲ ਦੇ ਇੱਕ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਮੁਲਜ਼ਮ ਵਕੀਲ ਸਾਹਿਬ ਸਿੰਘ ਨੇ ਬੇਅਦਬੀ ਕਾਂਡ ਦੇ ਦੋਸ਼ੀ ਜਸਬੀਰ ਸਿੰਘ ਉਰਫ ਜੱਸੀ 'ਤੇ ਪਿਸਤੌਲ ਤਾਣ ਲਈ ਸੀ, ਜਿਸ ਨੂੰ ਵੀਰਵਾਰ ਨੂੰ ਰੂਪਨਗਰ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਪਾਰੁਲ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਸੂਤਰਾਂ ਮੁਤਾਬਿਕ ਸਾਹਿਬ ਸਿੰਘ ਨੇ ਇਸ ਦੌਰਾਨ ਪਿਸਤੌਲ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿਸਤੌਲ ਵਿੱਚੋਂ ਗੋਲੀ ਨਹੀਂ ਚੱਲੀ। ਇਸ ਤੋਂ ਤੁਰੰਤ ਬਾਅਦ ਅਦਾਲਤ ਦੇ ਅੰਦਰ ਮੌਜੂਦ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮੁਲਜ਼ਮ ਵਕੀਲ ਨੂੰ ਫੜ ਲਿਆ ਅਤੇ ਬਾਹਰ ਲਏ ਗਏ। ਇਸ ਦੌਰਾਨ ਪੁਲਿਸ ਨੇ ਮੁਲਜ਼ਮ ਕੋਲੋਂ ਪਿਸਤੌਲ ਵੀ ਖੋਹ ਲਿਆ ਸੀ। ਇਸ ਮਾਮਲੇ ਨੂੰ ਲੈਕੇ ਵਕੀਲਾਂ ਦੀ ਬਾਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ। ਵਕੀਲਾਂ ਦਾ ਵਫ਼ਦ ਐਸਐਸਪੀ ਵਿਵੇਕਸ਼ੀਲ ਸੋਨੀ ਨੂੰ ਵੀ ਮਿਲਿਆ।
ਕੀ ਸੀ ਪੂਰਾ ਮਾਮਲਾ ?: ਜਾਣਕਾਰੀ ਮੁਤਾਬਿਕ ਬੇਅਦਬੀ ਦੀ ਘਟਨਾ 24 ਅਪ੍ਰੈਲ 2023 ਨੂੰ ਰੂਪਨਗਰ ਦੇ ਮੋਰਿੰਡਾ ਵਿੱਚ ਬਣੇ ਸ੍ਰੀ ਕੋਤਵਾਲੀ ਸਾਹਿਬ ਗੁਰਦੁਆਰੇ ਦੀ ਹੈ। ਜਿੱਥੇ ਦੁਪਹਿਰ 1 ਵਜੇ ਦੇ ਕਰੀਬ ਗੁਰਦੁਆਰੇ ਵਿੱਚ ਪਾਠ ਚੱਲ ਰਿਹਾ ਸੀ ਅਤੇ ਸੰਗਤ ਬੈਠ ਕੇ ਜਾਪ ਕਰ ਰਹੀ ਸੀ। ਉਸ ਸਮੇਂ ਇੱਕ ਦਸਤਾਰਧਾਰੀ ਨੌਜਵਾਨ ਗੁਰਦੁਆਰਾ ਸਾਹਿਬ ਵਿਖੇ ਆਇਆ। ਜੋ ਕਿ ਪਾਠ ਕਰ ਰਹੇ ਪਾਠੀ ਸਿੰਘਾਂ ਕੋਲ ਸਿੱਧਾ ਪਹੁੰਚ ਗਿਆ ਅਤੇ ਪਾਠੀਆਂ ਨੂੰ ਥੱਪੜ ਮਾਰਨ ਲੱਗਾ। ਇਸ ਦੌਰਾਨ ਨੌਜਵਾਨ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਦੋਵਾਂ ਪਾਠੀਆਂ ਦੀਆਂ ਦਸਤਾਰਾਂ ਵੀ ਲਾਹ ਦਿੱਤੀਆਂ ਗਈਆਂ। ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਟਵੀਟ ਜਾਰੀ ਕਰਦਿਆਂ ਉਕਤ ਮੁਲਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: Farmer Climbed on The Water Tank: ਫ਼ਸਲ ਦਾ ਮੁਆਵਜ਼ਾ ਨਾ ਮਿਲਿਆ ਤਾਂ ਕਿਸਾਨ ਰੋਸ ਵਜੋਂ ਟੈਂਕੀ ’ਤੇ ਚੜ੍ਹਿਆ