ਰੂਪਨਗਰ: ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜਿਸ ਦਾ ਸਿੱਧਾ ਅਸਰ ਆਮ ਜਨਤਾ ਉੱਤੇ ਪੈ ਰਿਹਾ ਹੈ 2014 ਦੇ ਚੋਣਾਂ ਵੇਲੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਬੀਜੇਪੀ ਸਰਕਾਰ ਵਲੋਂ ਚੰਗੇ ਦਿਨ ਆਉਣ ਦੀ ਗੱਲ ਆਖੀ ਗਈ ਸੀ ਪਰ ਡੀਜ਼ਲ ਪੈਟਰੋਲ ਅਤੇ ਐੱਲਪੀਜੀ ਸਿਲੰਡਰ ਦੇ ਰੇਟਾਂ ਵਿੱਚ ਲਗਾਤਾਰ ਹੋ ਰਹੇ ਇਜ਼ਾਫੇ ਤੋਂ ਬਾਅਦ ਹੁਣ ਲੋਕ ਇਹ ਕਹਿਣ ਲੱਗੇ ਹਨ ਕਿ ਉਨ੍ਹਾਂ ਨੂੰ ਚੰਗੇ ਦਿਨ ਆਉਣ ਦੀ ਕੋਈ ਉਮੀਦ ਨਹੀਂ ਹੈ। ਟਰਾਂਸਪੋਰਟ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਵੱਲੋਂ ਵੀ ਰੇਟ ਵਧਾਏ ਜਾਂਦੇ ਹਨ ਤਾਂ ਉਸਦਾ ਅਸਰ ਆਮ ਲੋਕਾਂ ਨੂੰ ਹੀ ਝੇਲਣਾ ਪਵੇਗਾ।
ਪਿਛਲੇ 10 ਦਿਨਾਂ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਹੋ ਰਿਹਾ ਵਾਧਾ
ਦੱਸ ਦਈਏ ਕਿ ਪਿਛਲੇ ਕਰੀਬ ਦੱਸ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ ਇਜ਼ਾਫ਼ਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਐੱਲਪੀਜੀ ਦੇ ਸਿਲੰਡਰ ਦੇ ਰੇਟ ਵਿੱਚ ਵੀ ਕਾਫੀ ਵਾਧਾ ਹੋ ਚੁੱਕਿਆ ਹੈ। ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਉੱਤੇ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਤੇਲ ਦੇ ਵਾਧੇ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਮ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਤੇਲ ’ਚ ਕੀਤੇ ਵਾਧੇ ਦਾ ਕਾਰਨ ਕੱਚੇ ਤੇਲ ਦੇ ਰੇਟ ਚ ਵਾਧੇ ਨੂੰ ਦੱਸਿਆ ਜਾ ਰਿਹਾ ਹੈ। ਕੇਂਦਰ ਦਾ ਕਹਿਣਾ ਹੈ ਕਿ ਕੱਚੇ ਤੇਲ ਦੇ ਭਾਅ ਵੱਧਣ ਕਾਰਨ ਹੀ ਰੇਟ ਵਧਾਏ ਗਏ ਹਨ। ਪਰੰਤੂ ਜਦੋਂ ਕੱਚੇ ਤੇਲ ਦਾ ਮੁੱਲ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਘੱਟ ਸੀ ਉਸ ਸਮੇਂ ਕੇਂਦਰ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਅਤੇ ਐੱਲਪੀਜੀ ਦੇ ਰੇਟਾਂ ਚ ਵਾਧਾ ਕੀਤਾ ਗਿਆ ਹੈ। ਜਿਸ ਦਾ ਅਸਰ ਆਮ ਆਦਮੀ ਦੀ ਜੇਬ ’ਤੇ ਪੈ ਰਿਹਾ ਹੈ।