ਰੋਪੜ: ਲਗਾਤਾਰ ਹੋ ਰਹੀ ਬਰਸਾਤ ਦੇ ਕਾਰਣ ਜਿੱਥੇ ਪਹਾੜਾਂ ਤੋਂ ਪਾਣੀ ਮੈਦਾਨੀ ਇਲਾਕਿਆ ਵੱਲ ਨੁੰ ਲਗਾਤਾਰ ਆ ਰਿਹਾ ਹੈ। ਉੱਥੇ ਹੀ ਬੀਤੀ ਰਾਤ ਹੋਏ ਭਾਰੀ ਮੀਂਹ ਦੇ ਕਾਰਣ ਜਿੱਥੇ ਸੁਆਂ ਨਦੀ ਵਿੱਚ ਪਾਣੀ ਦਾ ਪੱਧਰ ਸਿਖ਼ਰ ਉੱਤੇ ਪਹੁੰਚ ਗਿਆ ਉੱਥੇ ਹੀ ਬੀਬੀਐੱਮਬੀ ਨੂੰ ਵੀ ਮਜਬੂਰ ਹੋਕੇ ਭਾਖੜਾ ਡੈਮ ਦੇ ਗੇਟ ਖੋਲ੍ਹਣੇ ਪਏ। ਭਾਖੜਾ ਦੇ ਗੇਟ ਖੁੱਲ੍ਹਣ ਤੋਂ ਬਾਅਦ ਵਾਧੂ ਪਾਣੀ ਸਤਲੁਜ ਦਰਿਆ ਨੂੰ ਆ ਗਿਆ ਅਤੇ ਇਸ ਵਾਧੂ ਪਾਣੀ ਨੇ ਹੜ੍ਹ ਦੇ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਵਿੱਚ ਤਬਾਹੀ ਮਚਾਈ ਹੈ।
ਟੁੱਟੀਆਂ ਲਿੰਕ ਸੜਕਾਂ: ਭਾਰੀ ਮੀਂਹ ਤੋਂ ਮਗਰੋਂ ਭਾਖੜਾ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਅਚਾਨਕ ਸਤਲੁਜ ਵਿੱਚ ਪਾਣੀ ਦਾ ਪੱਧਰ ਸਿਖ਼ਰ ਉੱਤੇ ਪਹੁੰਚ ਗਿਆ ਜਿਸ ਨੇ ਪਹਿਲਾਂ ਡੰਗੇ ਫਿਰ ਪਾਣੀ ਨੂੰ ਰੋਕਣ ਲਈ ਲਾਏ ਬੰਨ੍ਹ ਤੋੜ ਦਿੱਤੇ। ਇਸ ਤੋਂ ਮਗਰੋਂ ਪਾਣੀ ਨੇ ਸ੍ਰੀ ਅਨੰਦਪੁਰ ਸਾਹਿਬ- ਬੁਰਜ- ਨੂਰਪੁਰ ਬੇਦੀ ਮਾਰਗ ਦੀਆਂ ਲਿੰਕ ਸੜਕਾਂ ਨੂੰ ਤੋੜ ਦਿੱਤਾ ਅਤੇ ਲਿੰਕ ਰੋਡ ਦੇ ਟੁੱਟਣ ਕਾਰਣ ਦਰਜਣਾਂ ਪਿੰਡਾ ਦਾ ਸੰਪਰਕ ਮਾਰਗ ਟੁੱਟ ਗਿਆ। ਸੰਪਰਕ ਮਾਰਗ ਟੁੱਟਣ ਕਾਰਣ 6 ਕਿੱਲੋਮੀਟਰ ਦਾ ਸਫਰ ਹੁਣ 16 ਕਿੱਲੋਮੀਟਰ ਦਾ ਹੋ ਗਿਆ ਹੈ। ਸਥਾਨਕਵਾਸੀਆਂ ਨੇ ਪ੍ਰਸ਼ਾਸਨ ਤੋਂ ਮਦਦ ਲਈ ਗੁਹਾਰ ਲਾਈ ਹੈ।
ਦੱਸ ਦਈਏ ਭਾਰੀ ਬਰਸਾਤ ਅਤੇ ਥਾਂ-ਥਾ ਫਟੇ ਬੱਦਲਾਂ ਨੇ ਹਿਮਾਚਲ ਪ੍ਰਦੇਸ਼ ਵਿੱਚ ਵੀ ਇੱਕ ਵਾਰ ਫਿਰ ਤਬਾਹੀ ਮਚਾਈ ਹੋਈ ਹੈ। ਪਿਛਲੇ 2 ਦਿਨਾਂ ਤੋਂ ਹੋ ਰਹੀ ਬਰਸਾਤ ਤੋਂ ਬਾਅਦ ਸੂਬੇ 'ਚ ਵੱਖ-ਵੱਖ ਥਾਵਾਂ ਤੋਂ ਜ਼ਮੀਨ ਖਿਸਕਣ ਅਤੇ ਭਾਰੀ ਨੁਕਸਾਨ ਦੀਆਂ ਖਬਰਾਂ ਆ ਰਹੀਆਂ ਹਨ। ਰਾਜਧਾਨੀ ਸ਼ਿਮਲਾ 'ਚ ਵੀ ਵੱਡਾ ਢਿੱਗਾਂ ਡਿੱਗਿਆ ਹੈ, ਜਿਸ ਦੀ ਲਪੇਟ ਵਿੱਚ ਇੱਕ ਸ਼ਿਵ ਮੰਦਿਰ ਵੀ ਆ ਗਿਆ ਹੈ। ਇਸ ਵਿੱਚ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਸਥਾਨਕ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗਾ ਹੋਇਆ ਹੈ, ਹੁਣ ਤੱਕ ਕਈ ਲਾਸ਼ਾਂ ਨੂੰ ਕੱਢ ਲਿਆ ਗਿਆ ਹੈ। ਸ਼ਿਮਲਾ ਦੇ ਸਮਰਹਿੱਲ ਇਲਾਕੇ 'ਚ ਸਥਿਤ ਸ਼ਿਵ ਬਾੜੀ ਮੰਦਰ ਸੋਮਵਾਰ ਸਵੇਰੇ ਢਿੱਗਾਂ ਦੀ ਲਪੇਟ 'ਚ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੰਦਰ ਦੇ ਮਲਬੇ ਹੇਠਾਂ ਕਰੀਬ 30 ਲੋਕ ਦੱਬੇ ਹੋਏ ਹਨ। ਸੋਮਵਾਰ ਹੋਣ ਕਾਰਨ ਮੰਦਰ ਵਿੱਚ ਸ਼ਰਧਾਲੂਆਂ ਦੀ ਭੀੜ ਪਈ ਸੀ।