ਰੂਪਨਗਰ : ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਨੇ ਰੂਪਨਗਰ ਦੇ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿੱਚ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਆਲ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਬਜਰੂੜ, ਜ਼ਿਲ੍ਹਾ ਪ੍ਰਧਾਨ ਹਿੰਮਤ ਸਿੰਘ ਰਾਜਾ ਮਲੇਸ਼ੀਆ, ਪ੍ਰਧਾਨ ਪ੍ਰੀਤਪਾਲ ਸਿੰਘ ਅਤੇ ਹੋਰ ਫੈਡਰੇਸ਼ਨ ਆਗੂ ਸ਼ਾਮਲ ਹੋਏ।
ਇਸ ਬਾਰੇ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਬਜਰੂੜ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੇ 'ਸਿੱਖ ਕੌਮ ਪੁੱਛੇ ਜਵਾਬ ਪੰਥ ਦੋਖੀ ਜਾਖੜ ਦਵੇ ਜਵਾਬ' ਨਾਂਅ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਇਸ ਤਹਿਤ ਅੱਜ ਰੂਪਨਗਰ ਵਿੱਚ ਇਸ ਮੁਹਿੰਮ ਦਾ ਅਗਾਜ਼ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਪ੍ਰਧਾਨ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਨੇ 1984 ਵਿੱਚ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਜੇਕਰ ਸਾਨੂੰ 10 ਲੱਖ ਸਿੱਖਾਂ ਦਾ ਕਤਲ ਕਰਨਾ ਪਿਆ ਤਾਂ ਅਸੀਂ ਜ਼ਰੂਰ ਕਰਾਗੇਂ। ਉਨ੍ਹਾਂ ਨੇ ਅੱਜ ਇਸ ਮੁਹਿੰਮ ਦੇ ਤਹਿਤ ਸੁਨੀਲ ਜਾਖੜ ਨੂੰ ਆਪਣੇ ਪਿਤਾ ਦੀ ਕੀਤੀ ਗ਼ਲਤੀ ਉੱਤੇ ਮਾਫ਼ੀ ਮੰਗਣ ਲਈ ਕਿਹਾ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਸਿੱਖ ਕੌਮ ਉੱਤੇ ਜ਼ੁਰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਿੱਖਾ ਦੇ ਮਸਲੇ ਵਿੱਚ ਦਖ਼ਲ ਦਿੰਦੀ ਹੈ ਜਿਸ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਪਠਾਨਕੋਟ ਵਾਸੀ ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ