ਰੂਪਨਗਰ: ਕੋਰੋਨਾ ਦੀ ਮਹਾਂਮਾਰੀ ਦੇ ਕਾਰਨ ਜਿੱਥੇ ਪੰਜਾਬ ਦੇ ਵਿੱਚ ਲਗਾਤਾਰ ਕਰਫ਼ਿਊ ਜਾਰੀ ਹੈ ਉਥੇ ਹੀ ਸੂਬਾ ਸਰਕਾਰ ਵੱਲੋਂ ਆਮ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਕੁੱਝ ਦੁਕਾਨਦਾਰ ਅਜਿਹੇ ਵੀ ਹਨ ਜੋ ਨਜ਼ਰ ਦੀਆਂ ਐਨਕਾਂ ਬਣਾਉਣ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਦੂਰ ਅਤੇ ਨੇੜੇ ਦੀਆਂ ਨਜ਼ਰ ਦੀਆਂ ਐਨਕਾਂ ਬਣਾਉਣ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਕਿਤੇ ਵੀ ਐਨਕਾਂ ਦੇ ਸ਼ੀਸ਼ੇ ਬਣਾਉਣ ਦਾ ਕੰਮ ਨਹੀਂ ਹੁੰਦਾ।
ਇਹ ਵੀ ਪੜ੍ਹੋ: ਕੋਵਿਡ-19: ਪੰਜਾਬ 'ਚ 1,935 ਹੋਈ ਕੋਰੋਨਾ ਪੀੜਤਾਂ ਦੀ ਗਿਣਤੀ, 32 ਮੌਤਾਂ
ਉਨ੍ਹਾਂ ਦੱਸਿਆ ਕਿ ਇਹ ਸਿਰਫ਼ ਦਿੱਲੀ ਦੇ ਵਿੱਚ ਹੀ ਹੁੰਦਾ ਹੈ ਅਤੇ ਪੰਜਾਬ ਦੇ ਸਾਰੇ ਚਸ਼ਮੇ ਬਣਾਉਣ ਵਾਲੇ ਦੁਕਾਨਦਾਰ ਦਿੱਲੀ ਤੋਂ ਹੀ ਇਹ ਸਮਾਨ ਤਿਆਰ ਕਰਵਾਉਂਦੇ ਹਨ ਪਰ ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਲੌਕਡਾਊਨ ਕਾਰਨ ਦਿੱਲੀ ਦੇ ਵਿੱਚ ਸ਼ੀਸ਼ੇ ਬਣਾਉਣ ਵਾਲੀਆਂ ਸਾਰੀਆਂ ਯੂਨਿਟ ਬੰਦ ਪਈਆਂ ਹਨ। ਇਸ ਕਾਰਨ ਨਜ਼ਰ ਦੀਆਂ ਐਨਕਾਂ ਬਣਾਉਣ ਵਾਲੇ ਦੁਕਾਨਦਾਰ ਕਾਫੀ ਤੰਗ ਹਨ ਅਤੇ ਸਰਕਾਰ ਤੋਂ ਦਿੱਲੀ ਦੇ ਵਿੱਚ ਮੌਜੂਦ ਐਨਕਾਂ ਦੇ ਸ਼ੀਸ਼ੇ ਬਣਾਉਣ ਵਾਲੀਆਂ ਯੂਨਿਟਾਂ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਹਨ।