ਰੋਪੜ: ਨੇਪਾਲ 'ਚ ਹੋਈਆਂ ਦੱਖਣੀ ਏਸ਼ੀਅਨ ਖੇਡਾਂ ਦੇ ਕਬੱਡੀ ਮੁਕਾਬਲਿਆਂ 'ਚ ਭਾਰਤੀ ਟੀਮ ਵੱਲੋਂ ਚੈਂਪੀਅਨਸ਼ਿਪ ਜਿੱਤਣ ਵਾਲੀ ਪੰਜਾਬ ਦੀ ਇਕਲੌਤੀ ਕਬੱਡੀ ਖਿਡਾਰਨ ਤੇ ਕੋਚ ਹਰਵਿੰਦਰ ਕੌਰ ਨੋਨਾ ਦਾ ਰੂਪਨਗਰ ਵਿਖੇ ਪੁੱਜਣ ਤੇ ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ ਸ਼ੀਲ ਭਗਤ ਅਤੇ ਸਮੂਹ ਸਟਾਫ਼ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਜ਼ਿਲ੍ਹਾ ਖੇਡ ਦਫ਼ਤਰ ਵੱਲੋਂ ਹਰਵਿੰਦਰ ਕੌਰ ਨੋਨਾ ਅਤੇ ਉਸਦੇ ਪਰਿਵਾਰ ਲਈ ਮੰਗਲਵਾਰ ਨੂੰ ਇੱਕ ਚਾਹ-ਪਾਰਟੀ ਰੱਖੀ ਗਈ ਸੀ ਜਿੱਥੇ ਜ਼ਿਲ੍ਹਾ ਖੇਡ ਅਫ਼ਸਰ ਸ਼ੀਲ ਭਗਤ ਵੱਲੋਂ ਕਿਹਾ ਗਿਆ ਕਿ ਹਰਵਿੰਦਰ ਹੋਰਨਾਂ ਲੜਕੀਆਂ ਲਈ ਅੱਗੇ ਵੱਧਣ ਲਈ ਇੱਕ ਪ੍ਰੇਰਨਾ ਹੈ।
ਇਸ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਵਿੱਚ ਸ਼ਾਮਿਲ ਪੰਜਾਬ ਦੀ ਇੱਕੋ-ਇੱਕ ਖਿਡਾਰਨ ਰੂਪਨਗਰ ਦੇ ਪਿੰਡ ਰਾਏਪੁਰ ਮੁੰਨੇ ਦੀ ਰਹਿਣ ਵਾਲੀ ਹੈ। ਇਹ ਖਿਡਾਰਨ ਪਹਿਲਾਂ ਵੀ ਵੱਡੀਆਂ ਪ੍ਰਾਪਤੀਆਂ ਕਰ ਚੁੱਕੀ ਹੈ ਅਤੇ ਇਸਨੂੰ ਵਧੀਆ ਰੇਡਰ ਵਜੋਂ ਟਰੈਕਟਰ ਸਮੇਤ ਨਕਦ ਇਨਾਮਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਇਸ ਦੇ ਨਾਲ-ਨਾਲ ਇਸ ਖਿਡਾਰਨ ਵੱਲੋਂ ਖੇਡ ਵਿਭਾਗ ਦੇ ਕੋਚ ਵਜੋਂ ਬੱਚਿਆਂ ਨੂੰ ਕਬੱਡੀ ਖੇਡ ਦੀ ਕੋਚਿੰਗ ਵੀ ਦਿੱਤੀ ਜਾ ਰਹੀ ਹੈ।