ਰੂਪਨਗਰ: ਸਤਲੁਜ ਦਰਿਆ ਦੇ ਕੰਢੇ ਵਸੇ ਰੂਪਨਗਰ ਸ਼ਹਿਰ ਦੇ ਸੀਵਰੇਜ ਦਾ ਪਾਣੀ ਸਰਹਿੰਦ ਨਹਿਰ ਨੂੰ ਗੰਦਾ ਕਰ ਰਿਹਾ ਹੈ। ਸੀਵਰੇਜ ਦਾ ਸਾਰਾ ਗੰਦਾ ਪਾਣੀ ਸਰਹਿੰਦ ਨਹਿਰ ਦੇ ਸਾਫ਼ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ, ਜਿਸ ਵੱਲ ਪ੍ਰਸ਼ਾਸਨ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਹ ਸਿਲਸਿਲਾ ਲਗਭਗ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਸਰਹਿੰਦ ਨਹਿਰ ਰੂਪਨਗਰ ਤੋਂ ਹੁੰਦੀ ਹੋਈ ਚਮਕੌਰ ਸਾਹਿਬ ਤੋਂ ਕਾਫੀ ਦੂਰ ਤੱਕ ਜਾਂਦੀ ਹੈ। ਇਸ ਨਹਿਰ ਦੇ ਰਾਹ ਵਿੱਚ ਕਈ ਪਿੰਡ ਵੀ ਆਉਂਦੇ ਹਨ ਜੋ ਨਹਿਰ ਦੇ ਪਾਣੀ ਨੂੰ ਸਿੰਚਾਈ ਤੇ ਪੀਣ ਵਾਸਤੇ ਵਰਤਦੇ ਹਨ। ਪ੍ਰਸ਼ਾਸਨ ਦੀ ਇਸ ਵੱਡੀ ਲਾਪਰਵਾਹੀ ਸਦਕਾ ਪਾਣੀ ਦਾ ਇਸਤੇਮਾਲ ਕਰਨ ਵਾਲੇ ਲੋਕ ਬਿਮਾਰੀਆਂ ਦੀ ਲਪੇਟ 'ਚ ਆ ਸਕਦੇ ਹਨ।
ਇਸ ਮਾਮਲੇ ਤੇ ਈਟੀਵੀ ਭਾਰਤ ਦੀ ਟੀਮ ਨੇ ਕਾਰਜ ਸਾਧਕ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਪਿਛਲੇ ਸਮੇਂ ਵਿੱਚ ਇਸ ਪਾਣੀ 'ਤੇ ਗੰਭੀਰ ਨੋਟਿਸ ਲੈਂਦੇ ਹੋਏ ਸੀਵਰੇਜ ਬੋਰਡ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਮੁਤਾਬਕ ਸੀਵਰੇਜ ਬੋਰਡ ਜਲਦ ਹੀ ਸਰਹਿੰਦ ਨਹਿਰ ਵਿੱਚ ਸੀਵਰੇਜ ਦੇ ਪਾਣੀ ਨੂੰ ਰੋਕਣ ਵਾਸਤੇ ਕੰਮ ਸ਼ੁਰੂ ਕਰਨ ਜਾ ਰਿਹਾ ਹੈ
ਸਵੱਛ ਭਾਰਤ ਦੇ ਨਾਂਅ 'ਤੇ ਪੂਰੇ ਦੇਸ਼ ਵਿੱਚ ਪਿਛਲੇ ਲੰਮੇ ਸਮੇਂ ਤੋਂ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਹ ਮੁਹਿੰਮ ਕਿੰਨੀ ਕੁ ਕਾਮਯਾਬ ਹੈ, ਇਹ ਤਾਂ ਤੁਸੀਂ ਇਸ ਖਬਰ ਦੇ ਤੋਂ ਅੰਦਾਜ਼ਾ ਲਗਾ ਸਕਦੇ ਹੋ।