ਰੂਪਨਗਰ: ਕੋਰੋਨਾ ਮਹਾਂਮਾਰੀ ਦੇ ਕਾਰਨ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਜਾ ਚੁੱਕੇ ਹਨ, ਜਿਸ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਝੋਨਾ ਲਾਉਣ ਲਈ ਲੇਬਰ ਨਹੀਂ ਮਿਲੀ, ਇਸ ਲਈ ਜ਼ਿਆਦਾਤਰ ਕਿਸਾਨਾਂ ਨੇ ਸਿੱਧੀ ਬਿਜਾਈ ਨੂੰ ਅਪਣਾਇਆ ਹੈ ਇਹ ਜਾਣਕਾਰੀ ਰੂਪਨਗਰ ਤੋਂ ਖੇਤੀਬਾੜੀ ਅਫ਼ਸਰ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਸਾਂਝੀ ਕੀਤੀ।
ਹੁਣ ਝੋਨੇ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ ਪਰ ਕੋਰੋਨਾ ਦੀ ਮਹਾਂਮਾਰੀ ਦੇ ਕਾਰਨ ਝੋਨੇ ਦੀ ਬਿਜਾਈ ਵਾਸਤੇ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਆ ਰਹੀ ਹੈ ਅਜਿਹੇ ਦੇ ਵਿੱਚ ਰੂਪਨਗਰ ਦੇ ਕਿਸਾਨਾਂ ਨੂੰ ਖੇਤੀਬਾੜੀ ਮਹਿਕਮੇ ਨੇ ਝੋਨੇ ਦੀ ਸਿੱਧੀ ਬਿਜਾਈ ਵੱਲ ਪ੍ਰੇਰਿਤ ਕੀਤਾ ਹੈ ਜਿਸ ਦੇ ਚੰਗੇ ਨਤੀਜੇ ਆਏ ਹਨ।
ਇਸ ਤੋਂ ਪਹਿਲਾਂ ਇੱਕ ਝਾਤ ਮਾਰਦੇ ਹਾਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਝੋਨੇ ਦੀ ਪਨੀਰੀ ਨਾਲ ਬਿਜਾਈ ਦੇ ਪਿਛਲੇ ਸਾਲਾਂ ਦੇ ਅੰਕੜਿਆਂ 'ਤੇ
- ਸਾਲ 2015-16 ਵਿੱਚ 73000 ਹੈਕਟੇਅਰ ਤੇ ਝੋਨੇ ਦੀ ਪਨੀਰੀ ਨਾਲ ਬਿਜਾਈ ਹੋਈ ਜਿਸ ਵਿੱਚ 67.00 ਕੁਇੰਟਲ ਪ੍ਰਤੀ ਹੈਕਟੇਅਰ ਪੈਦਾਵਾਰ ਹੋਈ।
- ਸਾਲ 20116-17 ਵਿੱਚ 38000 ਹੈਕਟੇਅਰ ਤੇ ਝੋਨੇ ਦੀ ਪਨੀਰੀ ਨਾਲ ਬਿਜਾਈ ਹੋਈ ਜਿਸ ਵਿੱਚ 67.58 ਕੁਇੰਟਲ ਪ੍ਰਤੀ ਹੈਕਟੇਅਰ ਪੈਦਾਵਾਰ ਹੋਈ।
- ਸਾਲ 2017-18 ਵਿੱਚ 40000 ਹੈਕਟੇਅਰ ਤੇ ਝੋਨੇ ਦੀ ਪਨੀਰੀ ਨਾਲ ਬਿਜਾਈ ਹੋਈ ਜਿਸ ਵਿੱਚ 63.60 ਕੁਇੰਟਲ ਪ੍ਰਤੀ ਹੈਕਟੇਅਰ ਪੈਦਾਵਾਰ ਹੋਈ।
- ਸਾਲ 2018-19 ਵਿੱਚ 41000 ਹੈਕਟੇਅਰ ਤੇ ਝੋਨੇ ਦੀ ਪਨੀਰੀ ਨਾਲ ਬਿਜਾਈ ਹੋਈ ਜਿਸ ਵਿੱਚ 67.00 ਕੁਇੰਟਲ ਪ੍ਰਤੀ ਹੈਕਟੇਅਰ ਪੈਦਾਵਾਰ ਹੋਈ।
- ਸਾਲ 2019-20 ਵਿੱਚ 38 000 ਹੈਕਟੇਅਰ ਤੇ ਝੋਨੇ ਦੀ ਪਨੀਰੀ ਨਾਲ ਬਿਜਾਈ ਹੋਈ ਜਿਸ ਵਿੱਚ 51.81 ਕੁਇੰਟਲ ਪ੍ਰਤੀ ਹੈਕਟੇਅਰ ਪੈਦਾਵਾਰ ਹੋਈ।
- ਸਾਲ 2020-21 ਵਿੱਚ 35000 ਹੈਕਟੇਅਰ ਤੇ ਝੋਨੇ ਦੀ ਬਿਜਾਈ ਅਧੀਨ ਰਕਬਾ ਰੱਖਿਆ ਗਿਆ ਹੈ ਜਿਸ ਵਿੱਚ ਪੰਜ ਹਜ਼ਾਰ ਏਕੜ ਰਕਬਾ ਸਿੱਧੀ ਬਿਜਾਈ ਅਧੀਨ ਲਿਆਂਦਾ ਗਿਆ ਹੈ।
ਇਸ ਸਬੰਧੀ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਖੇਤੀਬਾੜੀ ਅਫ਼ਸਰ ਰਾਕੇਸ਼ ਕੁਮਾਰ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਵੱਲ ਕਿਸਾਨ ਆਕਰਸ਼ਿਤ ਹੋਏ ਹਨ। ਸਿੱਧੀ ਬਿਜਾਈ ਖੇਤਾਂ ਨੂੰ ਪਾਣੀ ਦੀ ਵੀ ਘੱਟ ਜ਼ਰੂਰਤ ਪੈਂਦੀ ਹੈ ਅਤੇ ਬਰਸਾਤ ਦੇ ਪਾਣੀ ਵੀ ਖੇਤ ਦੇ ਵਿੱਚ ਖੜ੍ਹਾ ਰਹਿੰਦਾ ਹੈ।
ਹੁਣ ਦੇਖਣਾ ਹੋਵੇਗਾ ਕਿ ਜ਼ਿਲ੍ਹੇ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਤੋਂ ਬਾਅਦ ਜਦੋਂ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਵੇਗੀ ਤਾਂ ਇਸ ਦੇ ਕੀ ਨਤੀਜੇ ਆਉਂਦੇ ਹਨ ਤੇ ਪ੍ਰਤੀ ਹੈਕਟੇਅਰ ਕਿੰਨੇ ਕੁਇੰਟਲ ਝਾੜ ਆਉਂਦਾ ਹੈ