ਰੂਪਨਗਰ: ਸੂਬੇ ਵਿੱਚ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਕਰਫ਼ਿਊ ਜਾਰੀ ਹੈ। ਅਜਿਹੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਦੇ ਕੁੱਝ ਅਧਿਕਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਹਨ ਅਤੇ ਸਮਾਜਿਕ ਭਲੇ ਲਈ ਡਿਊਟੀ ਤੋਂ ਇਲਾਵਾ ਹੋਰ ਕਈ ਅਨੇਕਾਂ ਉਪਰਾਲੇ ਕਰ ਰਹੇ ਹਨ। ਅਜਿਹੇ ਹੀ 2 ਅਧਿਕਾਰੀ ਰੂਪਨਗਰ ਜ਼ਿਲ੍ਹੇ ਨਾਲ ਸਬੰਧਿਤ ਹਨ ਜਿਨ੍ਹਾਂ ਨੂੰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਡੀਜੀਪੀ ਡਿਸਕ ਐਵਾਰਡ ਲਈ ਚੁਣਿਆ ਗਿਆ ਹੈ।
ਇਨ੍ਹਾਂ ਵਿੱਚ ਰੂਪਨਗਰ ਦੇ ਡੀਐਸਪੀ ਵਰਿੰਦਰਜੀਤ ਅਤੇ ਨੂਰਪੁਰ ਬੇਦੀ ਦੇ ਐਸਐਚਓ ਜਤਿਨ ਕਪੂਰ ਨੂੰ ਐਵਾਰਡ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਨਾਂ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਦੇ ਵਿੱਚ ਕਰਫਿਊ ਦੇ ਦੌਰਾਨ ਚੰਗੀਆਂ ਸੇਵਾਵਾਂ ਦਿੱਤੀਆਂ ਗਈਆਂ। ਇਨ੍ਹਾਂ ਦੀ ਐਵਾਰਡ ਦੀ ਰਿਕਮੈਂਡੇਸ਼ਨ ਰੂਪਨਗਰ ਦੇ ਐਸਐਸਪੀ ਸਵਪਨ ਸ਼ਰਮਾ ਵੱਲੋਂ ਸਰਕਾਰ ਨੂੰ ਕੀਤੀ ਗਈ ਸੀ।
ਇਸ ਮੌਕੇ ਡੀਐਸਪੀ ਵਰਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਐਵਾਰਡ ਪ੍ਰਾਪਤ ਕਰਨ ਸਬੰਧੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਹ ਪੁਲਿਸ ਅਤੇ ਜਨਤਾ ਦੀ ਸੇਵਾ ਲਈ ਹਮੇਸ਼ਾ ਹੀ ਕੰਮ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਇਸ ਐਵਾਰਡ ਨਾਲ ਉਨ੍ਹਾਂ ਦਾ ਮਨੋਬਲ ਵੀ ਉੱਚਾ ਹੋਇਆ ਹੈ ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਵਿੱਚ ਵੀ ਕਾਫ਼ੀ ਖੁਸ਼ੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਸਿਹਤ ਮਹਿਕਮੇ ਦੀਆਂ ਦੱਸੀਆਂ ਸਾਵਧਾਨੀਆਂ ਨੂੰ ਫੋਲੋ ਕਰਦੇ ਆ ਰਹੇ ਹਨ।