ਰੋਪੜ : ਉੱਘੇ ਸਿਆਸਤਦਾਨ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਅੱਜ ਬਸਪਾ ਦੇ ਸੰਸਥਾਪਕ ਬਾਬੂ ਕਾਂਸੀ ਰਾਮ ਦੀ ਭੈਣ ਬੀਬੀ ਸਵਰਨ ਕੌਰ ਨੂੰ ਮਿਲਣ ਉਨ੍ਹਾਂ ਪਿੰਡ ਪ੍ਰਿਥੀਪੁਰ ਬੁੰਗਾ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਬੀਬੀ ਸਵਰਨ ਕੌਰ ਅਤੇ ਉਨ੍ਹਾਂ ਦੇ ਭਤੀਜੇ ਲਖਵੀਰ ਸਿੰਘ ਨਾਲ ਅੱਧਾ ਘੰਟਾ ਬੰਦ ਕਮਰੇ ਵਿਚ ਮੀਟਿੰਗ ਕੀਤੀ ।
ਬਲਵੰਤ ਸਿੰਘ ਰਾਮੂਵਾਲੀਆ ਪੰਜਾਬ 'ਚ ਤੀਸਰਾ ਫਰੰਟ ਖੜ੍ਹਾ ਕਰਨ ਲਈ ਸਰਗਰਮ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀ ਸਵਰਨ ਕੌਰ ਨੇ ਕਿਹਾ ਕਿ ਬਲਵੰਤ ਸਿੰਘ ਰਾਮੂਵਾਲੀਆ ਦੇ ਵਿਚਾਰ ਵੀ ਉਨ੍ਹਾਂ ਦੇ ਭਰਾ ਨਾਲ ਮਿਲਦੇ ਜੁਲਦੇ ਹਨ। ਉਹ ਆਪਣੇ ਭਰਾ ਦੇ ਨਾਲ ਹੋਏ ਧੋਖੇ ਦਾ ਇਨਸਾਫ਼ ਮੰਗਦੀ ਹੈ। ਇੱਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਉਹ ਕਿਸੇ ਰਾਜਨੀਤਿਕ ਪਾਰਟੀ ਵਿਚ ਨਹੀਂ ਜਾ ਰਹੇ, ਨਾ ਹੀ ਉਹ ਕਿਸੀ ਪਾਰਟੀ ਤੋਂ ਚੋਣ ਲੜਨ ਲਈ ਟਿਕਟ ਲੈ ਰਹੇ ਹਨ। ਉਨ੍ਹਾਂ ਨੂੰ ਕਿਸੀ ਚੀਜ਼ ਦਾ ਲਾਲਚ ਨਹੀਂ ਹੈ। ਕਿਉਂਕਿ ਉਨ੍ਹਾਂ ਦਾ ਭਰਾ ਕਾਂਸੀ ਰਾਮ ਤਾਂ ਆਪ ਲੋਕਾਂ ਨੂੰ ਟਿਕਟਾਂ ਵੰਡਦਾ ਹੁੰਦਾ ਸੀ।
ਬਾਬੂ ਕਾਂਸੀ ਰਾਮ ਦੀ ਭੈਣ ਨੇ ਮਾਇਆਵਤੀ ਨੂੰ ਦੱਸਿਆ ਕਾਤਲ
ਇੱਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਬੇਸ਼ੱਕ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਪਰ ਫਿਰ ਵੀ ਉਹ ਮਾਇਆਵਤੀ ਦੇ ਖ਼ਿਲਾਫ਼ ਪ੍ਰਚਾਰ ਕਰਨ ਲਈ ਪੰਜਾਬ ਵਿਚ ਘੁੰਮ ਸਕਦੇ ਹਨ। ਜੇ ਲੋੜ ਪਈ ਤਾਂ ਉਹ ਉੱਤਰ ਪ੍ਰਦੇਸ਼ ਵਿਚ ਵੀ ਜਾਣ ਬਾਰੇ ਸੋਚ ਸਕਦੇ ਹਨ।
ਰਾਮੂਵਾਲੀਆ ਵੱਲੋਂ ਬਾਬੂ ਕਾਂਸੀ ਰਾਮ ਦੀ ਭੈਣ ਨਾਲ ਬੰਦ ਕਮਰਾ ਮੀਟਿੰਗ
ਜ਼ਿਕਰਯੋਗ ਹੈ ਕਿ ਸਾਲ 2022 ਵਿਚ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚ ਸਮਝੌਤਾ ਹੋਣ ਤੋਂ ਬਾਅਦ ਬਸਪਾ ਦੇ ਬਾਨੀ ਬਾਬੂ ਕਾਂਸੀ ਰਾਮ ਦੀ ਭੈਣ ਬੀਬੀ ਸਵਰਨ ਕੌਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਚਾਲੇ ਹੋਏ ਸਮਝੌਤੇ ਦਾ ਬਾਬੂ ਕਾਂਸੀ ਰਾਮ ਦੇ ਪਰਿਵਾਰ ਨਾਲ ਕੋਈ ਸਬੰਧ ਨਾ ਹੋਣ ਦੇ ਦਿੱਤੇ ਬਿਆਨ ਤੋਂ ਬਾਅਦ ਵੱਖ-ਵੱਖ ਪਾਰਟੀਆਂ ਵੱਲੋਂ ਬਾਬੂ ਕਾਂਸੀ ਰਾਮ ਜੀ ਦੀ ਭੈਣ ਅਤੇ ਪਰਿਵਾਰ ਨਾਲ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਮੀਟਿੰਗ ਵਿਚ ਕੀ ਗੱਲਬਾਤ ਹੋਈ ਬਾਰੇ ਨਹੀਂ ਦਿੱਤੀ ਜਾਣਕਾਰੀ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਕਾਂਸੀ ਰਾਮ ਜੀ ਨਾਲ ਉਨ੍ਹਾਂ ਦੇ ਨਿਜੀ ਸਬੰਧ ਸਨ, ਉਹ ਛੇ ਸਾਲ ਰਾਜ ਸਭਾ ਵਿਚ ਇਕਠੇ ਐਮ.ਪੀ ਰਹੇ ਹਨ। ਉਨ੍ਹਾਂ ਦਾ ਸੀਟ ਨੰਬਰ 87 ਸੀ ਅਤੇ ਮੇਰਾ ਸੀਟ ਨੰਬਰ 86 ਸੀ। ਜਿਸ ਕਾਰਨ ਉਹ ਆਪਸ ਵਿਚ ਕਾਫੀ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਗ਼ਰੀਬ, ਦਲਿਤ, ਕਿਰਤੀ ਕਿਸਾਨ, ਮਜ਼ਦੂਰ ਆਦਿ ਲੋਕਾਂ ਲਈ ਅਵਾਜ਼ ਬੁਲੰਦ ਕੀਤੀ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਅੱਜ ਉਹ ਇੱਥੇ ਬਾਬੂ ਕਾਂਸੀ ਰਾਮ ਜੀ ਦੇ ਪਰਿਵਾਰ, ਭੈਣ ਸਵਰਨ ਕੌਰ ਨੂੰ ਮਿਲਣ ਆਏ ਹਨ। ਭੈਣ ਸਵਰਨ ਕੌਰ ਨਾਲ ਗੱਲਬਾਤ ਤੋਂ ਉਨ੍ਹਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਉਹ ਵੀ ਆਪਣੇ ਭਰਾ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : Agricultural Law: ਹੁਸ਼ਿਆਰਪੁਰ ਪਹੁੰਚਣ ’ਤੇ ਸੋਮ ਪ੍ਰਕਾਸ਼ ਦਾ ਜ਼ਬਰਦਸਤ ਵਿਰੋਧ