ਰੂਪਨਗਰ: ਸ਼ਹਿਰ 'ਚ ਬਾਡੀ ਬਿਲਡਿੰਗ ਨੂੰ ਲੈ ਕੇ ਨੌਜਵਾਨ ਕਾਫ਼ੀ ਮਿਹਨਤ ਕਰ ਰਹੇ ਹਨ, ਪਰ ਸੂਬਾ ਸਰਕਾਰ ਵੱਲੋਂ ਵੱਖ-ਵੱਖ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਜੇਤੂ ਖਿਡਾਰੀਆਂ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਨੂੰ ਲੈ ਕੇ ਬਾਡੀ ਬਿਲਡਿੰਗ ਦੇ ਨੈਸ਼ਨਲ ਸੀਨੀਅਰ ਮਾਹਿਰ ਸੁਖਦੇਵ ਸਿੰਘ ਨੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਰੂਪਨਗਰ ਵਿਖੇ ਬਾਡੀ ਬਿਲਡਿੰਗ ਦੇ ਨਿੱਜੀ ਪ੍ਰੋਗਰਾਮ 'ਚ ਸ਼ਿਰਕਤ ਕਰਨ ਪੁੱਜੇ ਬਾਡੀ ਬਿਲਡਿੰਗ ਦੇ ਨੈਸ਼ਨਲ ਸੀਨੀਅਰ ਜੱਜ ਸੁਖਦੇਵ ਸਿੰਘ ਸੋਢੀ ਨੇ ਕਿਹਾ ਪੰਜਾਬ ਸਰਕਾਰ ਬਾਡੀ ਬਿਲਡਿੰਗ ਦੇ ਖਿਡਾਰੀਆਂ 'ਤੇ ਧਿਆਨ ਨਹੀਂ ਦੇ ਰਹੀ ਹੈ। ਸਰਕਾਰ ਵੱਲੋਂ ਬਾਡੀ ਬਿਲਡਿੰਗ ਨੂੰ ਲੈ ਕੇ ਅਜੇ ਤੱਕ ਕੁਝ ਵੀ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸੰਗਠਨਾਂ ਤੇ ਉਨ੍ਹਾਂ ਵੱਲੋਂ ਨਿੱਜੀ ਪੱਧਰ 'ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਬਾਡੀ ਬਿਲਡਿੰਗ ਦੇ ਚੈਂਪੀਅਨਸ਼ਿਪ ਮੁਕਾਬਲੇ ਕਰਵਾਏ ਜਾਂਦੇ ਹਨ। ਉਹ ਇਨ੍ਹਾਂ ਮੁਕਾਬਲਿਆਂ 'ਚ ਬਿਨ੍ਹਾਂ ਫੀਸ ਲਏ ਜੱਜਮੈਂਟ ਕਰਨ ਲਈ ਪਹੁੰਚਦੇ ਹਨ।
ਸੋਢੀ ਨੇ ਆਖਿਆ ਕਿ ਪੰਜਾਬ 'ਚ ਬਾਡੀ ਬਿਲਡਿੰਗ ਤੇ ਵੱਖ-ਵੱਖ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਸੂਬੇ 'ਚ ਚਾਹੇ ਕੋਈ ਵੀ ਸਰਕਾਰ ਹੋਵੇ, ਉਨ੍ਹਾਂ ਨੂੰ ਖਿਡਾਰੀਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਉਹ ਕਈ ਵਾਰ ਸਰਕਾਰ ਕੋਲੋਂ ਬਾਡੀ ਬਿਲਡਿੰਗ ਨੂੰ ਸਪੋਰਟਸ ਕੋਟੇ 'ਚ ਸ਼ਾਮਲ ਕਰਨ ਅਤੇ ਸਰਕਾਰੀ ਨੌਕਰੀਆਂ ਲਈ ਵੱਖਰਾ ਸਪੋਰਟਸ ਕੋਟਾ ਰੱਖਣ ਦੀ ਅਪੀਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਾਰ- ਵਾਰ ਬੇਨਤੀ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਸ 'ਤੇ ਕੋਈ ਕਦਮ ਨਹੀਂ ਚੁੱਕਿਆ ਗਿਆ।
ਸੋਢੀ ਨੇ ਦੱਸਿਆ ਕਿ ਜਿਥੇ ਪੰਜਾਬ ਸਰਕਾਰ ਬਾਡੀ ਬਿਲਡਿੰਗ ਲਈ ਕੋਈ ਕਦਮ ਨਹੀਂ ਚੁੱਕ ਰਹੀ, ਉਥੇ ਹੀ ਦੂਜੇ ਪਾਸੇ ਹਰਿਆਣਾ, ਮਹਾਰਾਸ਼ਟਰ ਤੇ ਹੋਰਨਾਂ ਸੂਬਾ ਸਰਕਾਰਾਂ ਵੱਲੋਂ ਬਾਡੀ ਬਿਲਡਿੰਗ ਨੂੰ ਪ੍ਰਫੁੱਲਤ ਕਰ ਰਹੇ ਹਨ। ਉਨ੍ਹਾਂ ਵੱਲੋਂ ਬਾਡੀ ਬਿਲਡਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਸੂਬਿਆਂ ਦੇ ਬਾਡੀ ਬਿਲਡਰਾਂ ਨੂੰ ਵੱਡੇ-ਵੱਡੇ ਅਦਾਰੀਆਂ 'ਚ ਸਰਕਾਰੀ ਨੌਕਰੀ ਮਿਲ ਰਹੀ ਹੈ। ਉਨ੍ਹਾਂ ਕਿਹਾ ਪੰਜਾਬ 'ਚ ਚੰਗੇ ਬਾਡੀ ਬਿਲਡਰ ਤੇ ਖਿਡਾਰੀ ਹਨ ਜੋ ਕਿ ਸਖ਼ਤ ਮਿਹਨਤ ਕਰਦੇ ਹਨ , ਪਰ ਉਨ੍ਹਾਂ ਦੀ ਮਿਹਨਤ ਦੇ ਬਦਲੇ ਕੋਈ ਨਤੀਜਾ ਮਿਲਣ ਕਾਰਨ ਉਨ੍ਹਾਂ ਦਾ ਮਨੋਬਲ ਟੁੱਟ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਖਿਡਾਰੀਆਂ ਤੇ ਬਾਡੀ ਬਿਲਡਰਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਹੋਰ ਨੌਜਵਾਨ ਉਨ੍ਹਾਂ ਤੋ ਪ੍ਰੇਰਣਾ ਲੈ ਕੇ ਚੰਗੀ ਸਿਹਤ ਪ੍ਰਤੀ ਜਾਗਰੂਕ ਤੇ ਨਸ਼ਾ ਮੁਕਤ ਹੋ ਸਕਣ।